ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖ਼ਾਹ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਨੇ ਦਫ਼ਤਰੀ ਕੰਮ ਠੱਪ ਕਰਕੇ ਸਿੱਖਿਆ ਬੋਰਡ ਕੰਪਲੈਕਸ ਵਿੱਚ ਰੋਸ ਰੈਲੀ ਕੀਤੀ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਉਧਰ, ਮੁਲਾਜ਼ਮਾਂ ਦਾ ਰੋਹ ਦੇਖਦੇ ਹੋਏ ਰੈਲੀ ਦੌਰਾਨ ਹੀ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਵੱਲੋਂ ਜਾਰੀ ਕੀਤੇ ਗਏ 25 ਕਰੋੜ ਦੀ ਰਾਸ਼ੀ ਸਿੱਖਿਆ ਬੋਰਡ ਦੇ ਖਾਤੇ ਵਿੱਚ ਆਉਣ ਉਪਰੰਤ ਕਰਮਚਾਰੀ ਆਪਣੀਆਂ ਸੀਟਾਂ ’ਤੇ ਪਰਤ ਗਏ। ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਅਤੇ ਸੇਵਾਮੁਕਤ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ, ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ ਅਤੇ ਹਰਦੇਵ ਸਿੰਘ ਕਲੇਰ ਨੇ ਦੱਸਿਆ ਕਿ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਵੱਲੋਂ ਗਰੀਬ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੌਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਮੁਫ਼ਤ ਕਿਤਾਬਾਂ ਅਤੇ ਸਾਲ 2015 ਤੱਕ ਦੀ ਪ੍ਰੀਖਿਆ ਫੀਸ ਦੀ ਅਦਾਇਗੀ ਦੇ ਲਗਪਗ 350 ਕਰੋੜ ਰੁਪਏ ਦੀ ਰਾਸੀ ਪੈਂਡਿੰਗ ਪਈ ਹੈ। ਸਰਕਾਰ ਨੇ ਇਸ ਕਾਰਜ ਲਈ ਬਜਟ ਵਿੱਚ 25 ਕਰੋੜ ਦੀ ਰਾਸੀ ਦਾ ਉਪਬੰਧ ਰੱਖਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਫਿਲਹਾਲ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਨੂੰ 200 ਕਰੋੜ ਦੀ ਰਾਸ਼ੀ ਦੇ ਹੀ ਬਿੱਲ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਬੋਰਡ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ।