ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 12 ਅਗਸਤ
ਨਾਭਾ ਅਤੇ ਧੂਰੀ ਦੇ ਵਕੀਲਾਂ ਨਾਲ ਹੋਈ ਬਦਸਲੂਕੀ ਅਤੇ ਈ-ਟਿਕਟਿੰਗ ਦੇ ਵਿਰੋਧ ’ਚ ਫ਼ਤਹਿਗੜ੍ਹ ਸਾਹਿਬ ਦੇ ਵਕੀਲਾਂ ਵੱਲੋਂ ਅੱਜ ਹੜਤਾਲ ਕੀਤੀ ਗਈ, ਇਸ ਦੌਰਾਨ ਵਕੀਲ ਭਾਈਚਾਰੇ ਨੇ ਅਦਾਲਤੀ ਕੰਮਕਾਜ ਮੁਕੱਮਲ ਤੌਰ ’ਤੇ ਠੱਪ ਰੱਖਦਿਆਂ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ।
ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ ਨੇ ਦੱਸਿਆ ਅਦਾਲਤਾਂ ’ਚ ਅਰਜ਼ੀਆਂ ਲਗਾਉਣ, ਨਕਲਾਂ ਅਪਲਾਈ ਕਰਨ ਅਤੇ ਹੁਕਮਾਂ ਦੀਆਂ ਕਾਪੀਆਂ ਅਪਲਾਈ ਕਰਨ ਦੇ ਕੰਮਾਂ ਲਈ ਵਕੀਲਾਂ ਨੂੰ ਟਿਕਟਾਂ ਦੀ ਲੋੜ ਪੈਂਦੀ ਹੈ ਜੋ ਕਿ ਪਹਿਲਾਂ ਆਸਾਨੀ ਨਾਲ ਮਿਲ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਸਰਕਾਰ ਵੱਲੋਂ ਇਸ ਆਸਾਨ ਟਿਕਟ ਪ੍ਰਣਾਲੀ ਨੂੰ ਬੰਦ ਕਰਕੇ ਈ-ਟਿਕਟਿੰਗ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਹੈ ਜਿਸ ਨਾਲ ਵਕੀਲਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਾਭੇ ਦੇ ਇਕ ਸੀਨੀਅਰ ਐਡਵੋਕੇਟ ’ਤੇ ਬੀਤੇ ਦਿਨੀਂ ਹਮਲਾ ਕੀਤਾ ਗਿਆ ਅਤੇ ਧੂਰੀ ਦੇ ਇਕ ਸੀਨੀਅਰ ਐਡਵੋਕੇਟ ਨਾਲ ਕੁਝ ਪੁਲੀਸ ਕਰਮਚਾਰੀਆਂ ਵੱਲੋਂ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ। ਇਨ੍ਹਾਂ ਘਟਨਾਵਾਂ ਦੇ ਰੋਸ ਵਜੋਂ ਪੰਜਾਬ ਭਰ ਦੇ ਸਮੂਹ ਵਕੀਲ ਭਾਈਚਾਰੇ ਵੱਲੋਂ ਇਕ ਰੋਜ਼ਾ ਹੜਤਾਲ ਕਰਕੇ ਰੋਸ ਪ੍ਰਗਟਾਉਣ ਦਾ ਫੈਸਲਾ ਕੀਤਾ ਗਿਆ ਸੀ।