ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਪਰੈਲ
ਸ਼ਹਿਰ ਵਿੱਚ ਅੱਜ ਸ਼ਾਮ ਸਮੇਂ ਚੱਲੀ ਹਨੇਰੀ ਅਤੇ ਝੱਖੜ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਜਦਕਿ ਹਨੇਰੀ ਤੋਂ ਬਾਅਦ ਹੋਈ ਕਿਣਮਿਣ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਦੇਰ ਸ਼ਾਮ ਹਨੇਰੀ ਤੋਂ ਬਾਅਦ ਕਿਣ-ਮਿਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਰ ਸ਼ਾਮ ਮੌਸਮ ਵਿੱਚ ਆਈ ਤਬਦੀਲੀ ਕਰਕੇ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ, ਪਰ ਅਗਲੇ 4-5 ਦਿਨਾਂ ਵਿੱਚ ਗਰਮੀ ਹੋਰ ਵਧ ਸਕਦੀ ਹੈ।
ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਪੈ ਰਹੀ ਗਰਮੀ ਅਤੇ ਲੂ ਨੇ ਲੋਕਾਂ ਨੂੰ ਘਰ ਵੜ ਕੇ ਬੈਠਣ ਲਈ ਮਜਬੂਰ ਕਰ ਦਿੱਤਾ ਸੀ, ਪਰ ਚੰਡੀਗੜ੍ਹ ਵਿੱਚ ਸ਼ਾਮ ਸਮੇਂ ਚੱਲੀ ਤੇਜ਼ ਹਨੇਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ, ਉੱਥੇ ਦੂਜੇ ਪਾਸੇ ਲੋਕਾਂ ਨੂੰ ਸੜਕਾਂ ’ਤੇ ਚੱਲਣਾ ਔਖਾ ਕਰ ਦਿੱਤਾ ਹੈ। ਇਸ ਦੌਰਾਨ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਪਈ ਕਿਣ-ਮਿਣ ਦਾ ਲੋਕ ਆਨੰਦ ਮਾਣਦੇ ਦਿਖਾਈ ਦਿੱਤੇ। ਕਿਣ-ਮਿਣ ਦੌਰਾਨ ਸੁਖਨਾ ਝੀਲ ਅਤੇ ਰੋਜ਼ ਗਾਰਡਨ ’ਤੇ ਚੰਡੀਗੜ੍ਹੀਆਂ ਦੀ ਭੀੜ ਲੱਗ ਗਈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਡਿਗਰੀ ਸੈਲਸੀਅਸ ਵੱਧ ਸੀ ਜਦਕਿ ਘੱਟ ਤੋਂ ਘੱਟ ਤਾਪਮਾਨ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਵੱਧ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਵਿੱਚ ਦੱਖਣੀ ਵਿਗਾੜ ਕਾਰਨ ਸ਼ਾਮ ਸਮੇਂ ਮੌਸਮ ਵਿੱਚ ਤਬਦੀਲੀ ਦਰਜ ਕੀਤੀ ਹੈ, ਜਦੋਂਕਿ ਅਗਲੇ 4-5 ਦਿਨ ਮੁੜ ਗਰਮੀ ਵਧ ਸਕਦੀ ਹੈ। ਇਸ ਦੌਰਾਨ ਤਾਪਮਾਨ ਪਹਿਲਾਂ ਨਾਲੋਂ ਵੀ ਵਧ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ।