ਕੁਲਦੀਪ ਸਿੰਘ
ਚੰਡੀਗੜ੍ਹ, 3 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਉਂਸਿਲ ਚੋਣਾਂ ਲਈ ਕੈਂਪਸ ਵਿੱਚ ਚੱਲ ਰਹੇ ਚੋਣ ਪ੍ਰਚਾਰ ਦੇ ਮੱਦੇਨਜ਼ਰ ਅੱਜ ਅਥਾਰਿਟੀ ਵੱਲੋਂ ਸਾਰੀਆਂ ਪਾਰਟੀਆਂ ਨੂੰ ਪੈਦਲ ਮਾਰਚ ਕੱਢਣ ਲਈ ਅਧਿਕਾਰਤ ਤੌਰ ’ਤੇ ਵੱਖੋ-ਵੱਖਰੇ ਸਮਿਆਂ ਮੁਤਾਬਕ ਟੈਂਟ ਏਰੀਆ ਨਿਸ਼ਚਿਤ ਕੀਤਾ ਗਿਆ। ਅਥਾਰਿਟੀ ਵੱਲੋਂ ਸ਼ਾਮ ਨੂੰ ਜਾਰੀ ਲਿਸਟ ਮਿਲਦਿਆਂ ਹੀ ਲਗਪਗ ਸਾਰੀਆਂ ਪਾਰਟੀਆਂ ਵੱਲੋਂ ਖ਼ੁਦ ਨੂੰ ਅਲਾਟ ਹੋਏ ਖੇਤਰਾਂ ਅਤੇ ਸਮਾਂ ਸਾਰਨੀ ਮੁਤਾਬਕ ਪੈਦਲ ਮਾਰਚ ਅਤੇ ਰੈਲੀਆਂ ਕੱਢੀਆਂ ਗਈਆਂ।
ਪ੍ਰਾਪਤ ਜਾਣਕਾਰੀ ਮੁਤਾਬਕ ਅਥਾਰਿਟੀ ਦੀ ਲਿਸਟ ਮੁਤਾਬਕ ਪੈਦਲ ਮਾਰਚ ਕੱਢਣ ਦਾ ਸਮਾਂ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਦਾ ਨਿਸ਼ਚਿਤ ਕੀਤਾ ਗਿਆ ਸੀ। ਇਸ ਦੌਰਾਨ ਪੁਲੀਸ ਦੇ ਸੁਰੱਖਿਆ ਪ੍ਰਬੰਧਾਂ ਹੇਠ ਵਿਦਿਆਰਥੀ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਗਿਆ। ਸਾਰੀਆਂ ਵਿਦਿਆਰਥੀ ਪਾਰਟੀਆਂ ਨੂੰ ਪੈਦਲ ਮਾਰਚ ਲਈ ਦਿੱਤੇ ਗਏ ਰੂਟ ਪਲਾਟ ਮੁਤਾਬਕ ਉਨ੍ਹਾਂ ਦੇ ਟੈਂਟ ਏਰੀਆ ਤੋਂ ਸ਼ੁਰੂ ਹੋ ਕੇ ਗਰਲਜ਼ ਹੋਸਟਲ ਨੰ 2, 1, 6, 3, 4, 7, 8, 9, 10 ਤੱਕ ਚੋਣ ਪ੍ਰਚਾਰ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਸਭ ਲਈ ਸਮਾਂ ਵੱਖੋ ਵੱਖਰਾ ਨਿਸ਼ਚਿਤ ਕੀਤਾ ਗਿਆ ਸੀ। ਹਾਲਾਂਕਿ, ਪ੍ਰਚਾਰ ਲਈ ਅਚਾਨਕ 5 ਕੁ ਵਜੇ ਲਿਸਟ ਜਾਰੀ ਹੋਣ ਕਾਰਨ ਕਈ ਪਾਰਟੀਆਂ ਤਿਆਰੀ ਨਾ ਹੋਣ ਕਰਕੇ ਪੈਦਲ ਮਾਰਚ ਨਹੀਂ ਕਰ ਸਕੀਆਂ। ਸੂਤਰਾਂ ਦੀ ਜਾਣਕਾਰੀ ਮੁਤਾਬਕ ਇਹ ਲਿਸਟ ਸਿਰਫ਼ ਅੱਜ ਦੇ ਚੋਣ ਪ੍ਰਚਾਰ ਲਈ ਹੀ ਸੀ। ਭਲਕੇ ਸੋਮਵਾਰ ਨੂੰ ਅਧਿਕਾਰਤ ਸਮਾਂ ਮਿਲਦਾ ਹੈ ਜਾਂ ਨਹੀਂ, ਇਸ ਬਾਰੇ ਹਾਲੇ ਕੋਈ ਨਵੇਂ ਹੁਕਮ ਜਾਰੀ ਨਹੀਂ ਹੋਏ।
ਦੱਸਣਯੋਗ ਹੈ ਕਿ ਪੀਯੂ ਕੈਂਪਸ ਵਿਦਿਆਰਥੀ ਕਾਉਂਸਿਲ ਚੋਣਾਂ ਲਈ 6 ਸਤੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਜਿਸ ਕਾਰਨ ਕੈਂਪਸ ਵਿੱਚ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਪ੍ਰਧਾਨਗੀ ਦੇ ਅਹੁਦੇ ਲਈ ਵੱਖ-ਵੱਖ ਪਾਰਟੀਆਂ ਦੇ ਕੁੱਲ ਨੌਂ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪ੍ਰਧਾਨਗੀ ਲਈ ਸੀਵਾਈਐੱਸਐੱਸ ਤੋਂ ਦਿਵਿਆਂਸ਼ ਠਾਕੁਰ, ਪੂਸੂ ਤੋਂ ਦਵਿੰਦਰਪਾਲ ਸਿੰਘ, ਐੱਨਐੱਸਯੂਆਈ ਤੋਂ ਜਤਿੰਦਰ ਸਿੰਘ, ਪੀਐੱਸਯੂ ਲਲਕਾਰ ਤੋਂ ਮਨਿਕਾ ਛਾਬੜਾ, ਐੱਚਐੱਸਏ ਤੋਂ ਕੁਲਦੀਪ ਸਿੰਘ, ਐੱਸਐੱਫਐੱਸ ਤੋਂ ਪ੍ਰਤੀਕ ਕੁਮਾਰ, ਏਬੀਵੀਪੀ ਤੋਂ ਰਾਕੇਸ਼ ਦੇਸ਼ਵਾਲ, ਐੱਸਓਆਈ ਤੋਂ ਯੁਵਰਾਜ ਗਰਗ ਅਤੇ ਇੱਕ ਆਜ਼ਾਦ ਉਮੀਦਵਾਰ ਸਕਸ਼ਮ ਸਿੰਘ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਮੀਤ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦਿਆਂ ਲਈ ਚਾਰ-ਚਾਰ ਉਮੀਦਵਾਰ ਚੋਣ ਲੜਨਗੇ। ਚੰਡੀਗੜ੍ਹ ਪੁਲਿਸ ਅਤੇ ਪੀਯੂ ਦੀ ਸਕਿਉਰਿਟੀ ਵੱਲੋਂ ਬਾਹਰੀ ਵਿਅਕਤੀਆਂ ਦੇ ਕੈਂਪਸ ਵਿੱਚ ਆਉਣ ਉਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।
ਛੁੱਟੀ ਵਾਲੇ ਦਿਨ ਡਿਸਕੋ ਘਰ ਰਹੇ ਬੁੱਕ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਸਤੰਬਰ
ਯੂਟੀ ਦੇ ਕਾਲਜਾਂ ਦੀਆਂ ਛੇ ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਨੂੰ ਦੋ ਦਿਨ ਰਹਿਣ ਤੋਂ ਪਹਿਲਾਂ ਵਿਦਿਆਰਥੀ ਆਗੂਆਂ ਨੇ ਆਪਣੀ ਤਾਕਤ ਚੋਣ ਜਿੱਤਣ ਵਿਚ ਲਾ ਦਿੱਤੀ ਹੈ। ਅੱਜ ਐਤਵਾਰ ਹੋਣ ਤੇ ਕਾਲਜ ਬੰਦ ਰਹਿਣ ਕਾਰਨ ਜ਼ਿਆਦਾਤਰ ਵਿਦਿਆਰਥੀ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਵੋਟ ਬੈਂਕ ਪੱਕਾ ਕਰਨ ਲਈ ਦੋ ਡਿਸਕੋ ਘਰਾਂ ਵਿੱਚ ਪਾਰਟੀਆਂ ਕਰਵਾਈਆਂ ਤੇ ਏਲਾਂਟੇ ਮਾਲ ਵਿਚ ਫਿਲਮਾਂ ਦਿਖਾਈਆਂ ਗਈਆਂ। ਵਿਦਿਆਰਥੀਆਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਐੱਸ ਡੀ ਕਾਲਜ ਸੈਕਟਰ-32 ਦੇ ਵਿਦਿਆਰਥੀ ਨੇ ਦੱਸਿਆ ਕਿ ਐੱਸਡੀਸੀਯੂ ਵੱਲੋਂ ਉਨ੍ਹਾਂ ਦੀ ਬੀਏ ਭਾਗ ਤੀਜਾ ਦੇ ਕਰੀਬ ਤੀਹ ਵਿਦਿਆਰਥੀਆਂ ਨੂੰ ਡਿਸਕੋ ਘਰ ‘ਕਾਕੂਨਾ’ ਵਿਚ ਲਿਜਾਇਆ ਗਿਆ। ਇਸ ਕਾਲਜ ਦੇ ਹਰੀਸ਼ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਨੂੰ ਇੰਡਸਟਰੀਅਲ ਏਰੀਆ ਸਥਿਤ ‘ਤਮਜ਼ਾਰਾ’ ਡਿਸਕੋ ਘਰ ਵਿਚ ਲਿਜਾਇਆ ਗਿਆ। ਇਕ ਹੋਰ ਗਰੁੱਪ ਵੱਲੋਂ ਵੀ ਵਿਦਿਆਰਥੀਆਂ ਨੂੰ ਸੈਕਟਰ-7 ਦੇ ਡਿਸਕੋ ਘਰ ਵਿੱਚ ਪਾਰਟੀ ਦਿੱਤੀ ਗਈ। ਉਨ੍ਹਾਂ ਨੂੰ ਕਿਸੇ ਵੀ ਸਮੱਸਿਆ ਲਈ ਐੱਸਡੀ ਕਾਲਜ ਯੂਨੀਅਨ ਦੇ ਪ੍ਰਧਾਨਗੀ ਦੇ ਉਮੀਦਵਾਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਡੀਏਵੀ ਕਾਲਜ ਸੈਕਟਰ-10 ਦੇ ਵਿਦਿਆਰਥੀਆਂ ਨੂੰ ਏਲਾਂਟੇ ਵਿਚ ਅੱਜ ਦੁਪਹਿਰ ਇੱਕ ਵਜੇ ‘ਗਦਰ 2’ ਦਿਖਾਈ ਗਈ। ਡੀਏਵੀ ਕਾਲਜ ਦੇ ਜਸ਼ਨ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਲਗਪਗ ਸਾਰੀਆਂ ਪਾਰਟੀਆਂ ਵਾਲੇ ਵਟਸ ਐਪ ਗਰੁੱਪ ਵਿਚ ਉਨ੍ਹਾਂ ਦੀ ਬੀਏ ਭਾਗ ਪਹਿਲਾ ਦੀ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰ ਰਹੇ ਹਨ ਤੇ ਉਸ ਵਿਚ ਪਾਰਟੀ ਦੀਆਂ ਪ੍ਰਾਪਤੀਆਂ ਤੇ ਸੰਘਰਸ਼ ਬਾਰੇ ਵੇਰਵੇ ਦਿੱਤੇ ਜਾ ਰਹੇ ਹਨ। ਇਸ ਕਾਲਜ ਦੇ ਹਿੰਦੁਸਤਾਨ ਸਟੂਡੈਂਟਸ ਐਸੋਸੀਏਸ਼ਨ ਦੇ ਸੰਜੀਵ ਮਲਿਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕੰਮਾਂ ਦੇ ਅਧਾਰ ’ਤੇ ਸੋਸ਼ਲ ਮੀਡੀਆ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਥੋਂ ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿਚ ਵੀ ਵਿਦਿਆਰਥੀਆਂ ਨੇ ਸੋਸ਼ਲ ਮੀਡੀਏ ’ਤੇ ਪ੍ਰਚਾਰ ਮੁਹਿੰਮ ਭਖਾ ਦਿੱਤੀ ਹੈ। ਪੁਸੂ ਤੇ ਸੋਈ ਦੇ ਆਗੂਆਂ ਨੇ ਦੱਸਿਆ ਕਿ ਉਹ ਵਟਸ ਐਪ ਤੇ ਫੇਸਬੁੱਕ ਜ਼ਰੀਏ ਵਿਦਿਆਰਥੀਆਂ ਨੂੰ ਜਾਗਰੂਕ ਕਰ ਰਹੇ ਹਨ। ਇਸ ਤੋਂ ਇਲਾਵਾ ਡੀਏਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਐੱਚਐੱਸਏ, ਹਿਮਸੂ, ਐੱਚਪੀਐੱਸਯੂ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ।
ਪਹਾੜਾਂ ਦੇ ਟੂਰ ਤੋਂ ਬਣਾਈ ਦੂਰੀ
ਹਿਮਾਚਲ ਪ੍ਰਦੇਸ਼ ਵਿਚ ਹੜ੍ਹਾਂ ਦੀ ਮਾਰ ਕਾਰਨ ਵੱਡੀ ਮਾਰ ਪਈ ਹੈ। ਇਸ ਵਾਰ ਵਿਦਿਆਰਥੀ ਆਗੂਆਂ ਨੇ ਵੋਟਾਂ ਹਾਸਲ ਕਰਨ ਲਈ ਹਿਮਾਚਲ ਪ੍ਰਦੇਸ਼ ਦਾ ਕਿਸੇ ਨੂੰ ਵੀ ਦੌਰਾ ਨਹੀਂ ਕਰਵਾਇਆ ਜਦਕਿ ਪਿਛਲੀਆਂ ਚੋਣਾਂ ਵਿਚ ਸਾਰੀਆਂ ਪਾਰਟੀ ਵੋਟਾਂ ਹਾਸਲ ਕਰਨ ਲਈ ਪਹਾੜਾਂ ਦੇ ਟੂਰ ਲਗਵਾਉਂਦੀਆਂ ਰਹੀਆਂ ਹਨ। ਡੀਏਵੀ ਕਾਲਜ ਦੇ ਰੌਬੀ ਨੇ ਦੱਸਿਆ ਕਿ ਉਹ ਹੋਰ ਢੰਗ ਨਾਲ ਵਿਦਿਆਰਥੀਆਂ ਦੀਆਂ ਵੋਟਾਂ ਹਾਸਲ ਕਰਨ ਦੇ ਯਤਨ ਕਰ ਰਹੇ ਹਨ।