ਕੁਲਦੀਪ ਸਿੰਘ
ਚੰਡੀਗੜ੍ਹ, 29 ਅਪਰੈਲ
ਪੰਜਾਬ ਯੂਨੀਵਰਸਿਟੀ ਵਿੱਚ ਗਰਲਜ਼ ਹੋਸਟਲ ਨੰਬਰ 10 ਦੀਆਂ ਵਿਦਿਆਰਥਣਾਂ ਨੂੰ ਬਿਨਾਂ ਕਿਸੇ ਲਿਖਤੀ ਨੋਟਿਸ ਦੇ ਅੱਜ ਦੁਪਹਿਰ ਤੱਕ ਹੋਸਟਲ ਖਾਲੀ ਕਰਨ ਲਈ ਦਿੱਤੇ ਹੁਕਮਾਂ ਦੌਰਾਨ ਵਿਦਿਆਰਥਣਾਂ ਵਿੱਚ ਪੀ.ਯੂ. ਪ੍ਰਸ਼ਾਸਨ ਖਿਲਾਫ਼ ਭਾਰੀ ਰੋਹ ਫੈਲ ਗਿਆ।
ਵਿਦਿਆਰਥਣਾਂ ਨੇ ਪਹਿਲਾਂ ਸਵੇਰੇ 9 ਵਜੇ ਦੇ ਕਰੀਬ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ. (ਲਲਕਾਰ) ਦੇ ਸੱਦੇ ਉੱਤੇ ਸੈਕਟਰ 25 ਸਥਿਤ ਇਸ ਹੋਸਟਲ ਦੇ ਬਾਹਰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪ੍ਰੰਤੂ ਉੱਥੇ ਹੋਸਟਲ ਵਾਰਡਨ ਵੱਲੋਂ ਮਜਬੂਰੀ ਦਿਖਾਏ ਜਾਣ ਕਾਰਨ ਵਿਦਿਆਰਥੀਆਂ ਨੇ ਸੈਕਟਰ 14 ਸਥਿਤ ਪੀ.ਯੂ. ਦੇ ਪ੍ਰਬੰਧਕੀ ਬਲਾਕ ਦੇ ਬਾਹਰ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਦੂਸਰੀਆਂ ਜਥੇਬੰਦੀਆਂ ‘ਸੱਥ’ ਅਤੇ ਐਸ.ਐਫ.ਐਸ. ਦੇ ਨੁਮਾਇੰਦਿਆਂ ਨੇ ਵੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਦਾ ਪ੍ਰੋਗਰਾਮ ਪ੍ਰਬੰਧਕੀ ਬਲਾਕ ਦੇ ਅੰਦਰ ਜਾ ਕੇ ਮੰਗ ਪੱਤਰ ਦੇਣ ਦਾ ਸੀ ਪ੍ਰੰਤੂ ਸਕਿਓਰਿਟੀ ਵੱਲੋਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਪੀ.ਯੂ. ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਿਦਿਆਰਥੀ ਆਗੂਆਂ ਪੀ.ਐਸ.ਯੂ. (ਲਲਕਾਰ) ਤੋਂ ਅਮਨਦੀਪ ਸਿੰਘ ਅਮਨ ਤੇ ਜਥੇਬੰਦੀ ਸੱਥ ਤੋਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੀ.ਯੂ. ਪ੍ਰਸ਼ਾਸਨ ਵੱਲੋਂ ਵਿਦਿਆਰਥਣਾਂ ਤੋਂ ਕਰੋਨਾ ਦੇ ਬਹਾਨੇ ਸ਼ਿਫ਼ਟਿੰਗ ਦੇ ਨਾਂ ’ਤੇ ਹੋਸਟਲ ਖਾਲੀ ਕਰਵਾਏ ਜਾ ਰਹੇ ਹਨ ਅਤੇ ਯੂ.ਟੀ. ਪ੍ਰਸ਼ਾਸਨ ਕੋਲ ਟੇਕਓਵਰ ਕਰਵਾਉਣ ਦੀ ਤਿਆਰੀ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਯੂਟੀ ਪ੍ਰਸ਼ਾਸਨ ਨੂੰ ਨਸੀਹਤ
ਵਿਦਿਆਰਥੀ ਆਗੂਆਂ ਨੇ ਕਿਹਾ ਪੀ.ਯੂ. ਪ੍ਰਸ਼ਾਸਨ ਵਿਦਿਆਰਥੀਆਂ ਤੋਂ ਹੋਸਟਲ ਖਾਲੀ ਕਰਵਾਉਣ ਦੀ ਬਜਾਏ ਯੂ.ਟੀ. ਪ੍ਰਸ਼ਾਸਨ ਨੂੰ ਨਸੀਹਤ ਦੇਵੇ ਕਿ ਉਹ ਆਪਣੇ ਸਿਟਕੋ ਅਧੀਨ ਆਉਂਦੇ ਹੋਟਲਾਂ, ਕਮਿਊਨਿਟੀ ਸੈਂਟਰਾਂ, ਐਮ.ਐਲ.ਏ. ਹੋਸਟਲ, ਗੈਸਟ ਹਾਊਸਿਜ਼ ਆਦਿ ਨੂੰ ਕੋਵਿਡ ਸੈਂਟਰਾਂ ਵਿੱਚ ਤਬਦੀਲ ਕਰੇ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਵੀ ਦੋਵੇਂ ਕੈਂਪਸਾਂ ਵਿੱਚ ਵੀ ਤਿੰਨ ਗੈਸਟ ਹਾਊਸ ਖਾਲੀ ਪਏ ਹਨ। ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਠੱਪ ਕਰਨ ਦੀ ਕੋਸ਼ਿਸ਼ ਨਾ ਕਰੇ।
ਹੋਸਟਲ ਖਾਲੀ ਨਹੀਂ ਕਰਨਗੇ ਵਿਦਿਆਰਥੀ
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਪੀ.ਯੂ. ਪ੍ਰਸ਼ਾਸਨ ਨੂੰ ਸੌਂਪੇ ਗਏ ਮੰਗ ਪੱਤਰ ਰਾਹੀਂ ਤਾੜਨਾ ਕਰਦਿਆਂ ਕਿਹਾ ਕਿ ਕੋਈ ਵੀ ਵਿਦਿਆਰਥੀ ਹੋਸਟਲ ਖਾਲੀ ਨਹੀਂ ਕਰੇਗਾ ਅਤੇ ਲੋੜ ਪੈਣ ’ਤੇ ਆਪਣੇ ਸੰਘਰਸ਼ ਨੂੰ ਤਿੱਖਾ ਕਰੇਗਾ।