ਮੁੱਖ ਅੰਸ਼
- ਸੈਨੇਟ ਤੇ ਸਿੰਡੀਕੇਟ ਦੇ ਖਾਤਮੇ ਦਾ ਖਦਸ਼ਾ ਪ੍ਰਗਟਾਇਆ
- ਵਿਦਿਆਰਥੀਆਂ ਵੱਲੋਂ ਸਟੂਡੈਂਟਸ ਸੈਂਟਰ ’ਤੇ ਰੋਸ ਪ੍ਰਦਰਸ਼ਨ
- ਚੰਡੀਗੜ੍ਹ ਪੰਜਾਬੀ ਮੰਚ ਪਾੜ੍ਹਿਆਂ ਦੇ ਹੱਕ ’ਚ ਨਿੱਤਰਿਆ
ਕੁਲਦੀਪ ਸਿੰਘ
ਚੰਡੀਗੜ੍ਹ, 1 ਜੂਨ
ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਇੱਥੇ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਚੰਡੀਗੜ੍ਹ ਪੰਜਾਬੀ ਮੰਚ ਨੇ ਵੀ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕੇਂਦਰੀਕਰਨ ਦੇ ਹੱਕ ਵਿੱਚ ਖੜ੍ਹਨ ਵਾਲਿਆਂ ਦਾ ਵਿਰੋਧ ਕੀਤਾ।
ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਦਾ ਦਰਜਾ ਅੰਤਰਰਾਜੀ ਕਾਰਪੋਰੇਟ ਬਾਡੀ ਤੋਂ ਬਦਲ ਕੇ ਕੇਂਦਰੀ ਯੂਨੀਵਰਸਿਟੀ ਬਣਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਅੱਜ ਇਸੇ ਕੇਂਦਰੀਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਤੋਂ ਸੰਦੀਪ, ਪੀਐੱਸਯੂ (ਲਲਕਾਰ) ਤੋਂ ਅਮਨ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਦਵਿੰਦਰ, ਐੱਨਐੱਸਯੂਆਈ ਤੋਂ ਰਾਜਕਿਰਨ, ਪੀਐੱਫਯੂਐੱਸ ਤੋਂ ਹਰਪੁਨੀਤ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਪੀਯੂ ਦਾ ਕੇਂਦਰੀ ਦਰਜਾ ‘ਸੈਨੇਟ’ ਅਤੇ ‘ਸਿੰਡੀਕੇਟ’ ਵਰਗੀਆਂ ਜਮਹੂਰੀ ਸੰਸਥਾਵਾਂ ਨੂੰ ਵੀ ਖ਼ਤਮ ਕਰ ਦੇਵੇਗਾ।
ਵਿਦਿਆਰਥੀ ਆਗੂ ਹਰਮਨ ਨੇ ਕਿਹਾ ਕਿ ਸਾਨੂੰ ਜੀਐੱਸਟੀ ਵਰਗੀਆਂ ਵਿੱਤੀ ਸ਼ਕਤੀਆਂ ਦੇ ਵਿਕੇਂਦਰੀਕਰਨ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਵਧੇਰੇ ਵਿੱਤੀ ਸ਼ਕਤੀਆਂ ਦਾ ਕੇਂਦਰੀਕਰਨ ਕਰਨ ਤੋਂ ਬਾਅਦ ਪੰਜਾਬ ਸਰਕਾਰ ’ਤੇ ਹੋਰ ਵਿੱਤੀ ਜ਼ਿੰਮੇਵਾਰੀ ਲੈਣ ਲਈ ਦਬਾਅ ਪਾਉਣਾ ਚਾਹੀਦਾ ਹੈ।
ਰੋਸ ਪ੍ਰਦਰਸ਼ਨ ਨੂੰ ਡਾ. ਪਿਆਰੇ ਲਾਲ ਗਰਗ, ਚੰਡੀਗੜ੍ਹ ਪੰਜਾਬੀ ਮੰਚ ਤੋਂ ਕਾਮਰੇਡ ਦੇਵੀ ਦਿਆਲ ਸ਼ਰਮਾ, ਵਿਦਿਆਰਥੀ ਜਥੇਬੰਦੀ ਸੱਥ ਤੋਂ ਰਿਮਲ ਨੇ ਵੀ ਸੰਬੋਧਨ ਕੀਤਾ। ਵਿਦਿਆਰਥੀ ਜਥੇਬੰਦੀਆਂ ਆਈਸਾ, ਪੂਸੂ, ਸੋਪੂ ਨੇ ਵੀ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।
ਅਧਿਆਪਕਾਂ ਤੇ ਪੂਟਾ ਦੇ ਸਟੈਂਡ ’ਤੇ ਅਫ਼ਸੋਸ ਪ੍ਰਗਟਾਇਆ
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀਆਂ ਜਿਵੇਂ ਦਿੱਲੀ ਯੂਨੀਵਰਸਿਟੀ ਅਤੇ ਜੇਐੱਨਯੂ ਵਿੱਚ ਵੱਡੇ ਪੱਧਰ ’ਤੇ ਫ਼ੀਸਾਂ ਵਿੱਚ ਵਾਧਾ ਹੋਇਆ ਹੈ ਅਤੇ ਅਧਿਆਪਨ ਤੇ ਗੈਰ-ਅਧਿਆਪਨ ਸਟਾਫ਼ ਦਾ ਨਿਜੀਕਰਨ ਕੀਤਾ ਗਿਆ ਹੈ। ਦਿੱਲੀ ਯੂਨੀਵਰਸਿਟੀ ਟੀਚਰਜ਼ ਯੂਨਿਟੀ ਅਤੇ ਜੇਐੱਨਯੂ ਅਧਿਆਪਕ ਯੂਨੀਅਨ ਦੇ ਨਾਲ-ਨਾਲ ਬਹੁਗਿਣਤੀ ਵਿਦਿਆਰਥੀ ਜਥੇਬੰਦੀਆਂ ਨੇ ਕੇਂਦਰੀ ਯੂਨੀਵਰਸਿਟੀਆਂ ਦੇ ਨਿੱਜੀਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਪਰ ਪੰਜਾਬ ਯੂਨੀਵਰਸਿਟੀ ਅਤੇ ਪੂਟਾ ਦੇ ਅਧਿਆਪਕ ਆਪਣੇ ਹਿੱਤਾਂ ਲਈ ਕਥਿਤ ਤੌਰ ’ਤੇ ਕੇਂਦਰੀ ਦਰਜੇ ਦੇ ਹੱਕ ਵਿੱਚ ਹਨ।