ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਸਤੰਬਰ
ਇਥੋਂ ਦੇ ਡੀਏਵੀ ਕਾਲਜ ਸੈਕਟਰ-10 ਵਿੱਚ ਅੱਜ ਹੋਸਟਲ ਸਬੰਧੀ ਸਮੱਸਿਆਵਾਂ ਹੱਲ ਕਰਵਾਉਣ ਲਈ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਦੀ ਕਾਲਜ ਪ੍ਰਿੰਸੀਪਲ ਨਾਲ ਬਹਿਸ ਵੀ ਹੋਈ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਕਾਲਜ ਹੋਸਟਲ ਵਿਚ ਲੜਕੀਆਂ ਦੀ ਆਊਟਿੰਗ ਦਾ ਸਮਾਂ ਵਧਾਇਆ ਜਾਵੇ ਤੇ ਕੰਟੀਨ ਵਿਚ ਰਾਤ ਦੇ ਖਾਣੇ ਦਾ ਸਮਾਂ ਵੀ ਵਧਾਇਆ ਜਾਵੇ। ਉਨ੍ਹਾਂ ਕਾਲਜ ਹੋਸਟਲ ਵਿਚ ਲੜਕੀਆਂ ਲਈ ਨਰਸ ਅਤੇ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਵੀ ਕਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਸਵੇਰੇ ਕਾਲਜ ਦੇ ਪ੍ਰਿੰਸੀਪਲ ਨੂੰ ਮਿਲੇ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਪ੍ਰਿੰਸੀਪਲ ਨੂੰ ਇਨ੍ਹਾਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ ਤਾਂ ਪ੍ਰਿੰਸੀਪਲ ਨੇ ਸਮੱਸਿਆਵਾਂ ਹੱਲ ਕਰਨ ਤੋਂ ਕਥਿਤ ਤੌਰ ’ਤੇ ਇਨਕਾਰ ਕਰ ਦਿੱਤਾ। ਇਸ ਕਾਰਨ ਵਿਦਿਆਰਥੀਆਂ ਨੂੰ ਹੜਤਾਲ ਕਰਨੀ ਪਈ। ਦੂਜੇ ਪਾਸੇ ਕਾਲਜ ਦੇ ਲੈਕਚਰਾਰਾਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਕਰ ਕੇ ਵਿਦਿਆਰਥੀ ਨਿੱਤ ਦਿਨ ਹੜਤਾਲ ਕਰਨ ਦੇ ਮੁੱਦੇ ਭਾਲਦੇ ਹਨ ਤੇ ਅੱਜ ਵੀ ਹੜਤਾਲ ਵੀ ਇਸੇ ਕੜੀ ਦਾ ਹਿੱਸਾ ਹੈ। ਦੂਜੇ ਪਾਸੇ ਵਿਦਿਆਰਥੀਆਂ ਨੇ ਕਾਲਜ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਦਫਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ। ਮੀਟਿੰਗ ਵਿਚ ਕੋਈ ਹੱਲ ਨਾ ਨਿਕਲਦਾ ਦੇਖ ਕੇ ਕਾਲਜ ਦੇ ਵਿਦਿਆਰਥੀ ਗੇਟ ਉੱਤੇ ਧਰਨਾ ਲਾਉਣ ਲਈ ਗਏ ਜਿਥੇ ਪੁਲੀਸ ਨੇ ਉਨ੍ਹਾਂ ਨੂੰ ਧਰਨਾ ਨਾ ਲਾਉਣ ਦਿੱਤਾ।
ਵਿਦਿਆਰਥੀਆਂ ਨੇ ਦੋਸ਼ ਲਾਏ ਕਿ ਕਾਲਜ ਵਿਦਿਆਰਥੀਆਂ ਨੂੰ ਧਰਨਾ ਨਾ ਲਾਉਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕਰਕੇ ਉਹ ਭਲਕੇ ਤੋਂ ਸੰਘਰਸ਼ ਤੇਜ਼ ਕਰਨਗੇ। ਪਾਰਟੀ ਦੇ ਇਕ ਆਗੂ ਨੇ ਦੱਸਿਆ ਕਿ ਕਾਲਜ ਦੇ ਬਾਹਰ ਵਿਦਿਆਰਥੀਆਂ ਦੇ ਸ਼ਨਾਖ਼ਤੀ ਕਾਰਡ ਖੋਹ ਲਏ ਗਏ।
ਲੜਕੀਆਂ ਦੇ ਕਾਲਜਾਂ ਵਿੱਚ ਚੋਣਾਂ ਦੀ ਰੰਗਤ ਗਾਇਬ
ਇਸ ਵੇਲੇ ਸ਼ਹਿਰ ਦੇ ਕੋ ਐਡ ਕਾਲਜਾਂ ਵਿਚ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਕਾਲਜ ਪ੍ਰਬੰਧਕਾਂ ਅੱਗੇ ਲਗਾਤਾਰ ਰੱਖਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਲੜਕੀਆਂ ਦੇ ਕਾਲਜਾਂ ਵਿਚ ਚੋਣ ਮੁੱਦੇ ਗਾਇਬ ਹਨ। ਇਕ ਦੋ ਕਾਲਜਾਂ ਨੂੰ ਛੱਡ ਕੇ ਬਾਕੀ ਦੇ ਲੜਕੀਆਂ ਦੇ ਕਾਲਜਾਂ ਵਿਚ ਹਾਲ ਦੀ ਘੜੀ ਵਿਦਿਆਰਥੀ ਚੋਣਾਂ ਕੋਈ ਮਾਅਨੇ ਨਹੀਂ ਰੱਖ ਰਹੀਆਂ। ਇਨ੍ਹਾਂ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਵਿਦਿਆਰਥੀ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੋਂ ਬਾਅਦ ਹੀ ਇਥੇ ਚੋਣ ਪਿੜ ਮਘੇਗਾ। ਲੜਕੀਆਂ ਦੇ ਕਾਲਜ ਦੀ ਵਿਦਿਆਰਥਣ ਆਗੂ ਦੀਪਿਕਾ ਨੇ ਦੱਸਿਆ ਕਿ ਉਹ ਆਉਂਦੇ ਦਿਨਾਂ ਵਿਚ ਆਪਣੀ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ ਕਰਨਗੇ। ਇਸ ਤੋਂ ਇਲਾਵਾ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਵਿਚ ਪੜ੍ਹਦੀ ਵਿਦਿਆਰਥਣ ਹਰਲੀਨ ਨੇ ਦੱਸਿਆ ਕਿ ਕਾਲਜ ਵਿਚ ਚੋਣ ਸਰਗਰਮੀਆਂ ਅਗਲੇ ਹਫਤੇ ਤੋਂ ਸ਼ੁਰੂ ਕੀਤੀਆਂ ਜਾਣਗੀਆਂ ਤੇ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ ਜਾਣਗੀਆਂ।