ਪੱਤਰ ਪ੍ਰੇਰਕ
ਐੱਸਏਐਸ ਨਗਰ (ਮੁਹਾਲੀ), 20 ਅਗਸਤ
ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ (ਐੱਨਏਐੱਸ) ਦੀ ਤਿਆਰੀ ਸਬੰਧੀ ਪੰਜਾਬ ਅਚੀਵਮੈਂਟ ਸਰਵੇ (ਪੀਏਐੱਸ) ਦੇ ਬੈਨਰ ਹੇਠ ਚਲਾਈ ਸਵੈ-ਮੁਲਾਂਕਣ ਮੁਹਿੰਮ ਵਿੱਢੀਆਂ ਸਰਗਰਮੀਆਂ ਦੀ ਸ਼ੁਰੂਆਤ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰਸ਼ਨੋਤਰੀ (ਆਨਲਾਈਨ ਕੁਇਜ਼) ਰਾਹੀਂ ਕੀਤੀ ਗਈ। ਇਸ ਪਹਿਲੀ ਗਤੀਵਿਧੀ ਵਿੱਚ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਲਗਪਗ 6 ਲੱਖ 33 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਸਿੱਖਿਆ ਵਿਭਾਗ ਵੱਲੋਂ ਇਸ ਮਹੱਤਵਪੂਰਨ ਪ੍ਰਕਿਰਿਆ ਦਾ ਮਨੋਰਥ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣਾ, ਸਿੱਖਣ ਪਰਿਣਾਮਾਂ ਵਿੱਚ ਸੁਧਾਰ ਅਤੇ ਉਨ੍ਹਾਂ ਦੀ ਤਾਰਕਿਕ ਯੋਗਤਾ ਨੂੰ ਤੀਬਰ ਕਰਨਾ ਹੈ। ਇਸ ਤੋਂ ਬਾਅਦ ਸੈਕੰਡਰੀ ਵਿੰਗ ਵੱਲੋਂ ਵੀ ਜਲਦ ਹੀ ਮੌਕ ਟੈੱਸਟਾਂ ਦੀ ਅਜਿਹੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸੁਚੱਜੀ ਅਗਵਾਈ ਵਿੱਚ ਪੰਜਾਬ ਗੁਣਾਤਮਿਕ ਸਿੱਖਿਆ ਵਿੱਚ ਮੋਹਰੀ ਬਣਿਆ ਹੋਇਆ ਹੈ। ਪੰਜਾਬ ਅਚੀਵਮੈਂਟ ਸਰਵੇ ਪੰਜਾਬ ਦੇ ਸਮੂਹ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕਰਵਾਇਆ ਜਾਵੇਗਾ। ਇਸ ਦੇ ਮਾਪਦੰਡ ਨੈਸ਼ਨਲ ਅਚੀਵਮੈਂਟ ਸਰਵੇ ਵਾਲੇ ਹੋਣਗੇ ਤੇ ਵੱਖ-ਵੱਖ ਜਮਾਤਾਂ ਦੇ ਨਿਰਧਾਰਿਤ ਪਾਠਕ੍ਰਮ ’ਚੋਂ ਬਹੁ-ਵਿਕਲਪੀ ਪ੍ਰਸ਼ਨਾਂ ਦੇ ਰੂਪ ਵਿੱਚ ਹੋਣਗੇ।
ਸਕੱਤਰ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਅਚੀਵਮੈਂਟ ਸਰਵੇ ਨੂੰ ਸਫਲਤਾਪੂਰਵਕ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰਾਂ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ, ਸੋਸ਼ਲ ਮੀਡੀਆ ਕੋਆਰਡੀਨੇਟਰਾਂ, ਸਕੂਲ ਮੁਖੀਆਂ, ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ ਅਤੇ ਅਧਿਆਪਕਾਂ ਨਾਲ ਵੈਬਿਨਾਰ ਕੀਤਾ। ਉਨ੍ਹਾ ਕਿਹਾ ਕਿ ਮਾਪਿਆਂ ਤੇ ਸਮਾਜ ਦੇ ਮੋਹਤਬਰ ਵਿਅਕਤੀਆਂ ਨੂੰ ਇਸ ਕਾਰਜ ਲਈ ਵੱਧ ਤੋਂ ਵੱਧ ਨਾਲ ਜੋੜਿਆ ਜਾਵੇ।