ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਅਗਸਤ
ਇਥੋਂ ਦੇ ਭਵਨ ਵਿਦਿਆਲਿਆ ਸਕੂਲ ਸੈਕਟਰ-27 ਦੀ ਤਿੰਨ ਰੋਜ਼ਾ ਮਾਡਲ ਯੂਨਾਈਟਿਡ ਨੇਸ਼ਨਜ਼ (ਐੱਮਯੂਐੱਨ) ਸਬੰਧੀ ਸਮਾਗਮ ਟੈਗੋਰ ਥੀਏਟਰ ਵਿਚ ਸਮਾਪਤ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਐੱਸਐੱਸ ਸੋਢੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਵਿਦਿਅਕ ਤੇ ਹੋਰ ਖੇਤਰਾਂ ਵਿਚ ਵੀ ਨਾਮਣਾ ਖੱਟਣ ’ਤੇ ਜ਼ੋਰ ਦਿੱਤਾ। ਸ੍ਰੀ ਸੋਢੀ ਨੇ ਵਿਦਿਆਰਥੀਆਂ ਦੀ ਵਿਸ਼ਵ ਪੱਧਰੀ ਮੁੱਦਿਆਂ ’ਤੇ ਚਰਚਾ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿਰਫ ਡਿਗਰੀ ਲੈਣ ਨਾਲ ਹੀ ਪੜ੍ਹਾਈ ਮੁਕੰਮਲ ਨਹੀਂ ਹੁੰਦੀ, ਸਗੋਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਜ਼ਰੂਰੀ ਹੈ ਤੇ ਅੱਜ ਭਵਨ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਿਖਾ ਕੇ ਉਦਾਹਰਨ ਪੇਸ਼ ਕੀਤੀ ਹੈ। ਇਸ ਮੌਕੇ ਭਾਰਤੀ ਵਿਦਿਆ ਭਵਨ ਚੰਡੀਗੜ੍ਹ ਦੇ ਚੇਅਰਮੈਨ ਆਰਕੇ ਸਾਬੂ, ਸਕੱਤਰ ਮਧੂਕਰ ਮਲਹੋਤਰਾ, ਭਵਨ ਵਿਦਿਆਲਿਆ ਸਕੂਲ ਦੀ ਡਾਇਰੈਕਟਰ ਕਮ ਪ੍ਰਿੰਸੀਪਲ ਵਿਨੀਤਾ ਅਰੋੜਾ, ਭਵਨ ਵਿਦਿਆਲਿਆ ਸਕੂਲ ਸੈਕਟਰ-33 ਦੀ ਪ੍ਰਿੰਸੀਪਲ ਸੋਮਾ ਮੁਖੋੋਪਾਧਿਆਏ, ਭਵਨ ਵਿਦਿਆਲਿਆ ਨਿਊ ਚੰਡੀਗੜ੍ਹ ਦੀ ਪ੍ਰਿੰਸੀਪਲ ਇੰਦਰਪ੍ਰੀਤ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਭਾਰਤ ਤੇ ਵਿਦੇਸ਼ ਵਿਚ ਭਾਰਤੀ ਵਿਦਿਆ ਭਵਨ ਦੇ 56 ਸਕੂਲਾਂ ਦੇ 400 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ, ਜਿਸ ਵਿਚ ਕੁਵੈਤ, ਯੂਏਈ ਤੇ ਬਰਤਾਨੀਆ ਦੇ ਵਿਦਿਆਰਥੀ ਵੀ ਸ਼ਾਮਲ ਹੋਏ। ਇਸ ਮੌਕੇ ਵਿਦਿਆਰਥੀਆਂ ਨੇ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਸਬੰਧੀ ਗਤੀਵਿਧੀਆਂ ਪੇਸ਼ ਕੀਤੀਆਂ।