ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਮਈ
ਯੂਟੀ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਹੈਲਥ ਪ੍ਰੋਮੋਟਿੰਗ ਸਕੂਲਾਂ ਦੇ ਦਾਇਰੇ ਹੇਠ ਲਿਆਂਦਾ ਜਾਵੇਗਾ ਤੇ ਹਰ ਵਿਦਿਆਰਥੀ ਦੀ ਸਿਹਤ ਦੀ ਨਿਯਮਿਤ ਜਾਂਚ ਕੀਤੀ ਜਾਵੇਗੀ। ਇਨ੍ਹਾਂ ਵਿਦਿਆਰਥੀਆਂ ਦੇ ਨਵੀਂ ਸਿੱਖਿਆ ਨੀਤੀ ਤਹਿਤ ਹੈਲਥ ਕਾਰਡ ਬਣਨਗੇ ਜਿਸ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲਾਂ ਤੋਂ ਸਾਰੇ ਵੇਰਵੇ 30 ਜੁਲਾਈ ਤਕ ਮੰਗ ਲਏ ਹਨ।
ਜਾਣਕਾਰੀ ਅਨੁਸਾਰ ਨਵੀਂ ਸਿੱਖਿਆ ਨੀਤੀ ਤਹਿਤ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਸਿਹਤ ਪੱਖੋਂ ਖਾਮੀਆਂ ਹੋਣ ’ਤੇ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਡੀਈਓ ਪ੍ਰਭਜੋਤ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਵਿਦਿਆਰਥੀਆਂ ਦੀ ਰਾਸ਼ਟਰੀ ਬਾਲ ਸੇਵਕ ਸਕੀਮ ਤਹਿਤ ਜਾਂਚ ਕੀਤੀ ਜਾਂਦੀ ਹੈ ਪਰ ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਦਾ ਨਿਯਮਤ ਸਿਹਤ ਚੈਕਅੱਪ ਕਰਨ ਲਈ ਕਿਹਾ ਗਿਆ ਹੈ। ਇਸ ਵਿਚ ਦੇਖਿਆ ਜਾਵੇਗਾ ਕਿ ਕੀ ਵਿਦਿਆਰਥੀ ਦੀ ਨਿਗ੍ਹਾ ਠੀਕ ਹੈ ਤੇ ਉਸ ਨੂੰ ਸਿਹਤ ਪੱਖੋਂ ਕੋਈ ਹੋਰ ਸਮੱਸਿਆ ਤਾਂ ਨਹੀਂ ਹੈ। ਜੇ ਕਿਸੇ ਵਿਦਿਆਰਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਇਲਾਜ ਕਰਵਾਇਆ ਜਾਵੇਗਾ। ਇਸ ਪ੍ਰਾਜੈਕਟ ਤਹਿਤ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਦਾਇਰੇ ਹੇਠ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਕੱਦ ਤੇ ਭਾਰ ਦਾ ਵੀ ਮੁਲਾਂਕਣ ਕੀਤਾ ਜਾਵੇਗਾ। ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਦੇ ਨਾਲ-ਨਾਲ ਸਿਹਤਮੰਦ ਵਾਤਾਵਰਨ ਵੀ ਮੁਹੱਈਆ ਕਰਵਾਇਆ ਜਾਵੇਗਾ।
ਡੀਈਓ ਨੂੰ ਭੇਜਿਆ ਜਾਵੇਗਾ ਸਿਹਤ ਜਾਂਚ ਦਾ ਰਿਕਾਰਡ
ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵਿੱਚ ਡਾਕਟਰ ਮੌਜੂਦ ਹੁੰਦਾ ਹੈ ਤੇ ਕਈ ਸਕੂਲਾਂ ਨੇ ਵਿਦਿਆਰਥੀਆਂ ਦੇ ਸਿਹਤ ਕਾਰਡ ਬਣਾਏ ਹੋਏ ਹਨ ਪਰ ਨਵੇਂ ਪ੍ਰਾਜੈਕਟ ਤਹਿਤ ਸਾਰੇ ਸਕੂਲੀ ਵਿਦਿਆਰਥੀਆਂ ਦੀ ਸਿਹਤ ਜਾਂਚ ਕਰਵਾਉਣ ਤੋਂ ਬਾਅਦ ਇਸ ਦਾ ਰਿਕਾਰਡ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜਣਗੇ। ਇਸ ਮਿਸ਼ਨ ਦਾ ਮਕਸਦ ਸਿਹਤ ਪੱਖੋਂ ਮੋਹਰੀ ਸਕੂਲਾਂ ਨੂੰ ਅੱਗੇ ਲਿਆਉਣਾ ਹੈ ਜਿਨ੍ਹਾਂ ਵਿਚ ਸਿਹਤਮੰਦ ਵਾਤਾਵਰਨ ਦੇ ਨਾਲ-ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਦਾ ਸਰਵਪੱਖੀ ਵਿਕਾਸ ਹੋਵੇਗਾ। ਇਸ ਮਿਸ਼ਨ ਤਹਿਤ ਸਿਹਤ ਸਬੰਧੀ ਮਾਪਦੰਡ ਹੋਣਗੇ ਤੇ ਉਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਸਕੂਲਾਂ ਦੇ ਹਿਸਾਬ ਨਾਲ ਐਕਰੀਡੇਸ਼ਨ ਤੇ ਅਸੈਸਮੈਂਟ ਕੀਤੀ ਜਾਵੇਗੀ।