ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 6 ਜੁਲਾਈ
ਇਥੋਂ ਦੇ ਖਟੀਕ ਮੁਹੱਲੇ ਦੇ ਨੌਜਵਾਨ ਜਸਵਿੰਦਰ ਸਿੰਘ ਨੇ ਲੰਘੀ ਸ਼ਾਮ ਜ਼ਹਿਰੀਲੀ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉਸ ਨੇ ਮਰਨ ਤੋਂ ਪਹਿਲਾਂ ਵੀਡਿਓ ਬਣਾਈ ਅਤੇ ਆਪਣੀ ਖ਼ੁਦਕੁਸ਼ੀ ਲਈ ਪਿੰਡ ਖਾਨਪੁਰ ਵਾਸੀ ਨੂੰ ਜ਼ਿੰਮੇਵਾਰ ਠਹਿਰਾਇਆ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੇ ਬਿਆਨ ਵਿੱਚ ਜਸਵਿੰਦਰ ਦੇ ਭਰਾ ਰਵੀ ਨੇ ਦੱਸਿਆ ਕਿ ਉਸ ਦਾ ਭਰਾ ਪਹਿਲਾਂ ਅਨਾਜ ਮੰਡੀ ਨੇੜੇ ਜਿਮ ਚਲਾਉਂਦਾ ਸੀ। ਜਸਵਿੰਦਰ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ ਜਿਸ ਕਾਰਨ ਉਸ ਨੂੰ ਜਿਮ ਬੰਦ ਕਰਨਾ ਪਿਆ। ਇਸ ਮਗਰੋਂ ਉਸ ਦੇ ਭਰਾ ਨੇ ਲੰਘੇ ਕੁਝ ਸਮੇਂ ਪਹਿਲਾਂ ਮੁਬਾਰਿਕਪੁਰ ਵਿੱਚ ਮੀਟ ਦੀ ਦੁਕਾਨ ਖੋਲ੍ਹੀ ਸੀ। ਲੰਘੀ ਸ਼ਾਮ ਉਸ ਦੇ ਜਸਵਿੰਦਰ ਦਾ ਫੋਨ ਆਇਆ ਕਿ ਉਸ ਦੀ ਤਬੀਅਤ ਖ਼ਰਾਬ ਹੋ ਗਈ ਹੈ। ਉਹ ਮੌਕੇ ’ਤੇ ਪਹੁੰਚਿਆ ਅਤੇ ਭਰਾ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਆਇਆ। ਡਾਕਟਰਾਂ ਨੇ ਜਸਵਿੰਦਰ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ। ਉਥੇ ਪਹੁੰਚਣ ’ਤੇ ਡਾਕਟਰਾਂ ਨੇ ਜਸਵਿੰਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਨੇ ਆਪਣੀ ਮੌਤ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਖਾਨਪੁਰ ਵਸਨੀਕ ਨੌਵਜਾਨ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦੇ ਦੋਸ਼ ਲਾਇਆ ਕਿ ਇਸ ਵਿਅਕਤੀ ਨੇ ਉਸ ਦਾ ਘਰ ਬਰਬਾਦ ਕੀਤਾ ਹੈ।
ਮੁਬਾਰਿਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਆਧਾਰ ’ਤੇ ਖਾਨਪੁਰ ਵਸਨੀਕ ਨੌਜਵਾਨ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।