ਹਰਜੀਤ ਸਿੰਘ
ਜ਼ੀਰਕਪੁਰ, 19 ਜਨਵਰੀ
ਇਥੋਂ ਦੀ ਪ੍ਰੀਤ ਕਲੋਨੀ ਵਿੱਚ ਲੰਘੇ ਦਿਨ ਭਾਜਪਾ ਆਗੂ ਦੀਪਕ ਕੁਮਾਰ ਵਾਸੀ ਪਿੰਡ ਤ੍ਰਿਵੇਦੀ ਕੈਂਪ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਬਲਟਾਣਾ ਪੁਲੀਸ ਚੌਕੀ ਇੰਚਾਰਜ ਏਐੱਸਆਈ ਕੁਲਵੰਤ ਸਿੰਘ ਸਣੇ ਖ਼ੁਦਕੁਸ਼ੀ ਨੋਟ ਵਿੱਚ ਸ਼ਾਮਲ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੇਸ ਦਰਜ ਹੋਣ ਮਗਰੋਂ ਚੌਕੀ ਇੰਚਾਰਜ ਫ਼ਰਾਰ ਹੋ ਗਿਆ। ਦੀਪਕ ਕੁਮਾਰ ਨੇ ਸੁਸਾਈਡ ਨੋਟ ਵਿੱਚ ਕਿਹਾ ਸੀ ਕਿ ਉਸ ਨੇ ਲੀਜ਼ ’ਤੇ ਲਏ ਹੋਟਲ ਦੇ ਪਾਰਨਟਰਾਂ ਨੇ ਉਸ ਦੀ ਚੈੱਕ ਬੁੱਕ ਚੋਰੀ ਕਰ ਉਸ ਵਿੱਚ ਸਾਢੇ ਛੇ ਲੱਖ ਰੁਪਏ ਭਰ ਕੇ ਬੈਂਕ ਤੋਂ ਚੈੱਕ ਬਾਊਂਸ ਕਰਵਾ ਦਿੱਤਾ ਤੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਇਸ ਕੰਮ ਵਿੱਚ ਬਲਟਾਣਾ ਚੌਕੀ ਇੰਚਾਰਜ ਕੁਲਵੰਤ ਸਿੰਘ ਉਨ੍ਹਾਂ ਦੀ ਕਥਿਤ ਤੌਰ ’ਤੇ ਮਦਦ ਕਰ ਰਿਹਾ ਸੀ ਤੇ ਰੋਜ਼ਾਨਾ ਉਸ ਨੂੰ ਚੌਕੀ ਵਿੱਚ ਬੁਲਾ ਕੇ ਜ਼ਲੀਲ ਕੀਤਾ ਜਾਂਦਾ ਸੀ।
ਸੁਸਾਈਡ ਨੋਟ ਵਿੱਚ ਦਰਜ ਛੇ ਨਾਵਾਂ ਵਿੱਚ ਬਲਟਾਣਾ ਚੌਂਕੀ ਇੰਚਾਰਜ ਕੁਲਵੰਤ ਸਿੰਘ, ਦਵਿੰਦਰ ਸਿੰਘ ਰਾਣਾ, ਪ੍ਰੇਮ ਮਨੋਚਾ, ਮਨੀ ਗੁਪਤਾ, ਕੁਲਵੰਤ ਸਿੰਘ, ਰਵੀ ਅਰੋੜਾ, ਵਿਪਿਨ ਛਾਬੜਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਜ਼ੀਰਕਪੁਰ ਥਾਣਾ ਪੁਲੀਸ ਨੇ ਐੱਸਐੱਸਪੀ ਸਤਿੰਦਰ ਸਿੰਘ ਦੇ ਹੁਕਮਾਂ ਤੇ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਐੱਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਐੱਸ.ਆਈ. ਕੁਲਵੰਤ ਸਿੰਘ ਨੂੰ ਲਾਈਨਹਾਜ਼ਰ ਕਰਕੇ ਡਿਪਾਰਟਮੈਂਟਲ ਜਾਂਚ ਸ਼ੁਰੂ ਕਰ ਦਿੱਤੀ ਹੈ।