ਸਰਬਜੀਤ ਸਿੰਘ ਭੱਟੀ
ਲਾਲੜੂ, 27 ਜੂਨ
ਲਾਲੜੂ ਨਿਵਾਸੀ ਇੱਕ 32 ਸਾਲਾ ਲੜਕੀ ਵੱਲੋਂ ਪੰਜ ਦਿਨ ਪਹਿਲਾਂ ਸ਼ਤਾਬਦੀ ਐਕਸਪ੍ਰੈੱਸ ਅੱਗੇ ਆ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਬੀਤੀ ਰਾਤ ਰੋਸ ਵਜੋਂ ਲਈ ਲਾਲੜੂ ਮੰਡੀ ਵਿੱਚ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਪੰਜ ਦਿਨ ਬੀਤਣ ਤੋਂ ਬਾਅਦ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ, ਜਿਸ ਦੇ ਰੋਸ ਵਜੋਂ ਵਾਰਸਾਂ ਨੇ ਲਾਸ਼ ਦਾ ਅਜੇ ਤੱਕ ਸਸਕਾਰ ਨਹੀਂ ਕੀਤਾ।
ਮ੍ਰਿਤਕਾ ਦੇ ਭਰਾ ਮਲਕੀਤ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਦੀ ਅਗਵਾਈ ਹੇਠ ਦੇਰ ਰਾਤ ਲਾਲੜੂ ਮੰਡੀ ਵਿੱਚ ਮੋਮਬੱਤੀ ਮਾਰਚ ਕੱਢਿਆ, ਜਿਸ ਵਿੱਚ ਵਿਧਾਇਕ ਐੱਨ.ਕੇ.ਸ਼ਰਮਾ, ‘ਆਪ’ ਆਗੂ ਕੁਲਜੀਤ ਸਿੰਘ ਰੰਧਾਵਾ, ਨਵਜੋਤ ਸੈਣੀ, ਸਵੀਟੀ ਸ਼ਰਮਾ, ਕਾਂਗਰਸੀ ਆਗੂ ਮੁਕੇਸ਼ ਰਾਣਾ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ, ਬਸਪਾ ਆਗੂ ਮਾਸਟਰ ਜਗਦੀਸ਼ ਸਿੰਘ, ਹਨੀ ਸਿੰਘ ਸਮੇਤ ਨੌਜਵਾਨਾ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਅੱਜ ਆਈਟੀਆਈ ਚੌਕ ਲਾਲੜੂ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਸ੍ਰੀ ਸ਼ਰਮਾ ਨੇ ਕਿਹਾ ਕਿ ਇਲਾਕਾ ਵਾਸੀ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ ਪੰਜ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪ੍ਰਸ਼ਾਸਨ ਤੇ ਪੁਲੀਸ ਦਾ ਕੋਈ ਵੀ ਸੀਨੀਅਰ ਅਧਿਕਾਰੀ ਮੌਕੇ ’ਤੇ ਪਰਿਵਾਰ ਨੂੰ ਤਸੱਲੀ ਦੇਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਭਲਕ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਧਰਨੇ ਵਿੱਚ ਪੰਜਾਬ ਐਗਰੋ ਇੰਡਸਟਰੀ ਦੇ ਵਾਈਸ ਚੇਅਰਮੈਨ ਮਨਪ੍ਰੀਤ ਸਿੰਘ ਬੰਨੀ ਸੰਧੂ ਵੀ ਪੁੱਜੇ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।