ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 8 ਫਰਵਰੀ
‘ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨਿਰਪੱਖ ਅਤੇ ਆਜ਼ਾਦਾਨਾ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਸਰਕਾਰ ਕੋਈ ਵੀ ਦਖ਼ਲਅੰਦਾਜ਼ੀ ਨਹੀਂ ਕਰ ਸਕਦੀ ਹੈ। ਵਿਰੋਧੀ ਪਾਰਟੀਆਂ ਆਪਣੀ ਹਾਰ ਤੋਂ ਘਬਰਾ ਕੇ ਨਾਮਜ਼ਦਗੀ ਕਾਗਜ਼ਾਂ ਵਿੱਚ ਗਲਤੀਆਂ ਛੱਡ ਕੇ ਭੱਜਣ ਦਾ ਰਾਹ ਲੱਭ ਰਹੀਆਂ ਹਨ।’ ਇਹ ਗੱਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਪ੍ਰੈੱਸ ਕਲੱਬ ਵਿੱਚ ਮੀਟ ਦਿ ਪ੍ਰੈੱਸ ਪ੍ਰੋਗਰਾਮ ਵਿੱਚ ਕਹੀ। ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸੰਸਦ ਵਿੱਚ ਖੇਤੀ ਕਾਨੂੰਨਾਂ ਸਬੰਧੀ ਬਹਿਸ ਵਿੱਚ ਸ਼ਾਮਲ ਹੋਣ ਦੀ ਬਜਾਏ ਸਾਜ਼ਿਸ਼ ਤਹਿਤ ਟਾਲਾ ਵੱਟਿਆ ਹੈ। ਇਹੀ ਨਹੀਂ ਉਹ ਮੁੱਖ ਮੰਤਰੀ ਵੱਲੋਂ ਸੱਦੀ ਆਲ ਪਾਰਟੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਮੁਹਾਲੀ ਵਿੱਚ ਕਾਂਗਰਸ ਦਾ ਮੇਅਰ ਬਣੇਗਾ ਜਦਕਿ ਮੁਹਾਲੀ ਵਰਗੇ ਸ਼ਹਿਰ ਵਿੱਚ ਅਕਾਲੀ ਦਲ ਨੂੰ ਯੋਗ ਉਮੀਦਵਾਰ ਵੀ ਨਹੀਂ ਮਿਲੇ ਅਤੇ ਭਾਜਪਾ ਨੂੰ ਵੋਟਰ ਲਾਹਨਤਾਂ ਪਾ ਕੇ ਭਜਾ ਰਹੇ ਹਨ। ਆਜ਼ਾਦ ਗਰੁੱਪ ਅਤੇ ਆਪ ਦੇ ਸੁਮੇਲ ਉੱਤੇ ਵਰ੍ਹਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਅਮੀਰ ਗਰੁੱਪ ਨਾਲ ਗੱਠਜੋੜ ਕਰਨ ਨਾਲ ਕੇਜਰੀਵਾਲ ਦਾ ਚਿਹਰਾ ਨੰਗਾ ਹੋ ਗਿਆ ਹੈ। ਇਸ ਤੋਂ ਪਹਿਲਾਂ ਕਲੱਬ ਦੇ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਨੇ ਕੈਬਨਿਟ ਮੰਤਰੀ ਦਾ ਪ੍ਰੈਸ ਕਲੱਬ ਵਿੱਚ ਪਹੁੰਚਣ ’ਤੇ ਜੀ ਆਇਆ ਆਖਿਆ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਦੀ ਅਗਵਾਈ ਵਿੱਚ ਗਵਰਨਿੰਗ ਬਾਡੀ ਦੀ ਟੀਮ ਨੇ ਮੰਤਰੀ ਨੂੰ ਮੰਗ ਪੱਤਰ ਦਿੱਤਾ।
ਤਿਵਾੜੀ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ
ਮੋਰਿੰਡਾ (ਸੰਜੀਵ ਤੇਜਪਾਲ): ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਅੱਜ ਇੱਥੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਖੜ੍ਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਅਤੇ ਬੰਤ ਸਿੰਘ ਕਲਾਰਾਂ ਨੇ ਵੱਖੋ-ਵੱਖਰੇ ਵਾਰਡਾਂ ਵਿੱਚ ਜਾ ਕੇ ਚੋਣ ਦਫਤਰਾਂ ਦਾ ਉਦਘਾਟਨ ਕੀਤਾ ਅਤੇ ਮੋਰਿੰਡਾ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਸ੍ਰੀ ਤਿਵਾੜੀ ਨੇ ਵਾਰਡ ਨੰਬਰ 14 ਦੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਕਾਕਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਕਿਹਾ ਕਿ ਮੋਰਿੰਡਾ ਵਾਸੀਆਂ ਨੇ ਕਾਂਗਰਸ ਪਾਰਟੀ ਦਾ ਔਖੇ ਸਮੇਂ ਵਿੱਚ ਸਾਥ ਦਿੱਤਾ ਹੈ। ਹੁਣ ਵੀ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਕਾਂਗਰਸ ਪਾਰਟੀ ਦਾ ਸਾਥ ਦੇਣਗੇ। ਇਸ ਮੌਕੇ ਬਚਨ ਲਾਲ ਵਰਮਾ, ਪਵਨ ਦੀਵਾਨ, ਕਰਨੈਲ ਸਿੰਘ ਸਰਪੰਚ, ਰਣਜੋਧ ਸਿੰਘ, ਰਾਮੇਸ਼ਵਰ, ਮਨਜੀਤ ਸਿੰਘ ਭਾਟੀਆ, ਨਸੀਬ ਸਿੰਘ, ਰਾਜਾ ਰਾਮ, ਵਿਰਦੀ, ਸਵਰਨ ਸਿੰਘ ਬਿੱਟੂ, ਧਰਮਪਾਲ ਥੰਮਣ, ਪਿਆਰਾ ਸਿੰਘ, ਡਾ. ਅਸ਼ਵਨੀ ਭਨੋਟ, ਲਖਵੀਰ ਸਿੰਘ ਬੱਬੂ, ਹਰਪਾਲ ਸਿੰਘ ਬਮਨਾੜਾ ਤੇ ਕੁਸਮ ਸ਼ਰਮਾ ਆਦਿ ਮੌਜੂਦ ਸਨ।