ਹਰਜੀਤ ਸਿੰਘ
ਜ਼ੀਰਕਪੁਰ, 18 ਸਤੰਬਰ
ਇਥੋਂ ਦੀ ਸੁਖਨਾ ਕਲੋਨੀ ਵਿੱਚ ਪੇਚਿਸ਼ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਲੰਘੇ ਦੋ ਦਿਨਾਂ ਵਿੱਚ ਕਲੋਨੀ ਵਿੱਚ 100 ਤੋਂ ਵਧ ਮਰੀਜ਼ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਲਗਾਤਾਰ ਕਲੋਨੀ ਦਾ ਸਰਵੇ ਕਰਵਾ ਕੇ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਪੀਰਮੁਛੱਲਾ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਫੈਲੇ ਹੈਜ਼ੇ ਦਾ ਕਹਿਰ ਹਾਲੇ ਰੁਕਿਆ ਨਹੀਂ ਸੀ ਕਿ ਨਗਰ ਕੌਂਸਲ ਦਫਤਰ ਨੇੜੇ ਸੁਖਨਾ ਕਲੋਨੀ ਵਿੱਚ ਪੇਚਿਸ਼ ਦੇ ਮਰੀਜ਼ ਸਾਹਮਣੇ ਆਉਣ ਲੱਗ ਪਏ ਹਨ। ਬਲਟਾਣਾ ਖੇਤਰ ਵਿੱਚ ਵੀ ਦੂਸ਼ਿਤ ਪਾਣੀ ਕਾਰਨ ਫੈਲੀ ਬਿਮਾਰੀ ਨਾਲ ਬੱਚੀ ਸਮੇਤ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ।
ਸੁਖਨਾ ਕਲੋਨੀ ਵਿੱਚ ਸਾਹਮਣੇ ਆ ਰਹੇ ਮਰੀਜ਼ਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਲੋਕਾਂ ਨੂੰ ਪੇਟ ਦਰਦ, ਦਸਤ, ਉੱਲਟੀਆਂ ਅਤੇ ਬੁਖ਼ਾਰ ਦੀ ਸ਼ਿਕਾਇਤ ਆ ਰਹੀ ਹੈ। ਸਿਹਤ ਵਿਭਾਗ ਵੱਲੋਂ ਪ੍ਰੀਤ ਕਲੋਨੀ ਦੀ ਧਰਮਸ਼ਾਲਾ ਵਿੱਚ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਗਰ ਕੌਂਸਲ ਵੱਲੋਂ ਕਲੋਨੀ ਵਿੱਚ ਪੀਣ ਵਾਲੇ ਪਾਣੀ ਦੀਆਂ ਨਵੀਂਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ ਤੇ ਕਲੋਨੀ ਵਿੱਚ ਥਾਂ-ਥਾਂ ਖੁਦਾਈ ਕੀਤੀ ਹੋਈ ਹੈ। ਲੋਕਾਂ ਨੇ ਸ਼ੱਕ ਪ੍ਰਗਟਾਇਆ ਕਿ ਇਨ੍ਹਾਂ ਖੁਦਾਈ ਵਾਲੀ ਥਾਂ ਤੋਂ ਹੀ ਪੀਣ ਵਾਲੇ ਪਾਣੀ ਵਿੱਚ ਦੂਸ਼ਿਤ ਪਾਣੀ ਰਲ ਰਿਹਾ ਹੈ।
ਸਿਹਤ ਵਿਭਾਗ ਸਥਿਤੀ ਨਾਲ ਨਜਿੱਠਣ ਲਈ ਤਿਆਰ: ਐੱਸਐੱਮਓ
ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਐੱਸ.ਐੱਮ.ਓ. ਡਾ. ਪੌਮੀ ਚਤਰਥ ਨੇ ਕਿਹਾ ਕਿ ਲੰਘੇ ਦੋ ਦਿਨਾਂ ਤੋਂ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦਵਾਈਆਂ ਤੋਂ ਇਲਾਵਾ ਘਰ ਘਰ ਜਾ ਕੇ ਓਆਰਐੱਸ ਦੇ ਪੈਕੇਟ ਵੰਡੇ ਜਾ ਰਹੇ ਹਨ। ਕਲੋਨੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਕਰਵਾ ਕੇ ਟੈਂਕਰਾਂ ਰਾਹੀਂ ਪਾਣੀ ਸਪਲਾਈ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਤੇ ਸਿਹਤ ਵਿਭਾਗ ਹਰੇਕ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।