ਆਤਿਸ਼ ਗੁਪਤਾ
ਚੰਡੀਗੜ੍ਹ, 23 ਸਤੰਬਰ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਇਲਾਵਾ ਪਹਾੜੀ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1163 ਫੁੱਟ ’ਤੇ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚਣ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਮੁੜ ਤੋਂ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਤਿੰਨ ਫਲੱਡ ਗੇਟਾਂ ਵਿੱਚੋਂ ਇਕ ਫਲੱਡ ਗੇਟ ਖੋਲ੍ਹ ਦਿੱਤਾ। ਇਸ ਫਲੱਡ ਗੇਟ ਨੂੰ ਪੌਣੇ ਚਾਰ ਘੰਟੇ ਬਾਅਦ ਬੰਦ ਕੀਤਾ ਗਿਆ। ਸੁਖਨਾ ਝੀਲ ਵਿਚ ਪਿੱਛੋਂ ਜ਼ਿਆਦਾ ਪਾਣੀ ਆਉਣ ਕਾਰਨ ਪੌਣੇ ਚਾਰ ਘੰਟਿਆਂ ਵਿੱਚ ਸਿਰਫ਼ 6 ਇੰਚ ਪਾਣੀ ਹੀ ਘੱਟ ਸਕਿਆ। ਜਦੋਂ ਪ੍ਰਸ਼ਾਸਨ ਨੇ ਗੇਟ ਬੰਦ ਕੀਤਾ ਉਸ ਵੇਲੇ ਝੀਲ ਵਿਚ ਪਾਣੀ ਦਾ ਪੱਧਰ 1162.6 ਫੁੱਟ ’ਤੇ ਸੀ।
ਮੌਸਮ ਵਿਭਾਗ ਅਨੁਸਾਰ ਭਾਵੇਂ ਕਿ ਇਸ ਸਾਲ ਮੀਂਹ ਪਹਿਲਾਂ ਦੇ ਮੁਕਾਬਲੇ ਘੱਟ ਪਏ ਹਨ ਪਰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰ ਕੇ ਸਵਾ ਮਹੀਨੇ ਵਿੱਚ ਚੌਥੀ ਵਾਰ ਫਲੱਡ ਗੇਟ ਖੋਲ੍ਹਿਆ ਗਿਆ ਹੈ। ਇਸ ਤੋਂ ਪਹਿਲਾਂ ਝੀਲ ਵਿਚ ਪਾਣੀ ਦਾ ਪੱਧਰ ਵਧਣ ਕਰ ਕੇ 9 ਅਤੇ 14 ਅਗਸਤ ਅਤੇ ਉਸ ਤੋਂ ਬਾਅਦ 21 ਸਤੰਬਰ ਨੂੰ ਸੁਖਨਾ ਝੀਲ ਦਾ ਇੱਕ ਫਲੱਡ ਗੇਟ ਖੋਲ੍ਹਿਆ ਗਿਆ ਸੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਆਲੇ-ਦੁਆਲੇ ਦੇ ਕਈ ਪਿੰਡਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚੋਂ ਮੀਂਹ ਦਾ ਪਾਣੀ ਆਉਂਦਾ ਹੈ। ਇਨ੍ਹਾਂ ਖੇਤਰਾਂ ਵਿਚ ਪਿਛਲੇ 10 ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ।
ਅੱਜ ਸਵੇਰੇ ਝੀਲ ਵਿਚ ਪਾਣੀ ਦਾ ਪੱਧਰ 1163 ਫੁੱਟ ਤੋਂ ਘੱਟ ਸੀ ਪਰ ਸਵੇਰ ਤੋਂ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਾਅਦ ਦੁਪਹਿਰ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਯੂਟੀ ਪ੍ਰਸ਼ਾਸਨ ਨੇ ਤਿੰਨ ਫਲੱਡ ਗੇਟਾਂ ਵਿੱਚੋਂ ਵਿਚਕਾਰ ਵਾਲਾ ਗੇਟ ਖੋਲ੍ਹ ਦਿੱਤਾ। ਗੇਟ ਖੋਲ੍ਹਣ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਨੇੜਲੇ ਇਲਾਕਿਆਂ ਵਿੱਚ ਹਾਈ ਅਲਟਰ ਜਾਰੀ ਕੀਤਾ। ਇਸ ਤੋਂ ਇਲਾਵਾ ਪੰਚਕੂਲਾ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਤਾਂ ਜੋ ਕਿਸੇ ਵੀ ਕਿਸਮ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਸਾਲ 2020 ’ਚ ਪਾਣੀ ਦਾ ਪੱਧਰ ਵਧਣ ਕਰ ਕੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਸਨ। ਉਸ ਤੋਂ ਪਹਿਲਾਂ ਸਾਲ 2018 ਵਿੱਚ ਫਲੱਟ ਗੇਟ ਖੋਲ੍ਹੇ ਸਨ।
ਨੇੜਲੇ ਇਲਾਕਿਆਂ ਵਿਚ ਪੁਲੀਸ ਰਹੀ ਮੁਸਤੈਦ
ਸੁਖਨਾ ਝੀਲ ਵਿੱਚ ਪਾਣੀ ਦੇ ਵਧ ਰਹੇ ਪੱਧਰ ’ਤੇ 24 ਘੰਟੇ ਨਿਗਰਾਨੀ ਲਈ ਯੂਟੀ ਪ੍ਰਸ਼ਾਸਨ ਨੇ ਸੀਸੀਟੀਵੀ ਕੈਮਰੇ ਲਗਾਏ ਹਨ। ਐੱਸਡੀਓ ਰੈਂਕ ਦੇ ਅਧਿਕਾਰੀ ਹਰ ਵੇਲੇ ਪਾਣੀ ਦੇ ਪੱਧਰ ’ਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਦੀ ਸੁਰੱਖਿਆ ਲਈ ਸੁਖਨਾ ਚੋਅ ਦੇ ਆਲੇ-ਦੁਆਲੇ ਅਚੇ ਸੁਖਨਾ ਰੈਗੂਲੇਟਰੀ ਐਂਡ, ਮਨੀਮਾਜਰਾ ਪੁਲ, ਇੰਡਸਟਰੀਅਲ ਏਰੀਆ ਸ਼ਮਸ਼ਾਨਘਾਟ ਕੋਲੋਂ ਲੰਘਦੇ ਪੁਲ ਸਣੇ ਸਾਰੀਆਂ ਥਾਵਾਂ ’ਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।