ਹਰਜੀਤ ਸਿੰਘ
ਡੇਰਾਬੱਸੀ, 16 ਮਈ
ਪਿੰਡ ਸੁੰਡਰਾ ਵਿੱਚ ਇੱਕ ਕਿਸਾਨ ਵੱਲੋਂ ਨਾੜ ਨੂੰ ਅੱਗ ਲਾਉਣ ਕਾਰਨ 45 ਝੁੱਗੀਆਂ ਸੜਨ ਅਤੇ ਇੱਕ ਡੇਢ ਸਾਲਾ ਬੱਚੀ ਦੀ ਸੜ ਕੇ ਮੌਤ ਹੋਣ ਦੇ ਮਾਮਲੇ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮੌਕੇ ਦਾ ਦੌਰਾ ਕਰਦਿਆਂ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਗੜ੍ਹੀ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਨੂੰ ਬੱਚੀ ਦੇ ਪਰਿਵਾਰ ਨੂੰ 50 ਲੱਖ ਰੁਪਏ, 45 ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਪ੍ਰਤੀ ਝੁੱਗੀ ਅਤੇ 100-100 ਵਰਗ ਗਜ਼ ਦੇ ਪਲਾਟ ਗ੍ਰਾਮ ਪੰਚਾਇਤ ਪਿੰਡ ਸੁੰਡਰਾ ਤੋਂ ਮਤਾ ਪਵਾ ਦੇ 48 ਘੰਟਿਆਂ ਵਿੱਚ ਦੇਣ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਨੂੰ ਰੈੱਡ ਕਰਾਸ ਫੰਡ ਵਿੱਚੋਂ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਅਗਲੇ 48 ਘੰਟਿਆਂ ਵਿੱਚ ਦੇਣ ਦਾ ਅਲਟੀਮੇਟਮ ਦਿੱਤਾ। ਸ੍ਰੀ ਗੜੀ ਨੇ ਦੋਸ਼ ਲਾਇਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਪੰਚਾਇਤੀ ਜ਼ਮੀਨ ’ਤੇ ਪਿੰਡ ਦੇ ਇੱਕ ਰਸੂਖਦਾਰ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਵੱਲੋਂ ਹੀ ਨਾੜ ਨੂੰ ਅੱਗ ਲਾਈ ਗਈ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਉਕਤ ਵਿਅਕਤੀ ਦਾ ਨਾਂ ਦਰਜ ਕੀਤੇ ਕੇਸ ਵਿੱਚ ਨਹੀਂ ਪਾਇਆ ਗਿਆ ਸਗੋਂ ਦੂਜੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਮੁੱਖ ਮੁਲਜ਼ਮ ਦਾ ਨਾਂ ਐੱਫ.ਆਈ.ਆਰ. ਵਿੱਚ ਜਲਦੀ ਨਾਮਜ਼ਦ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।