ਪੱਤਰ ਪ੍ਰੇਰਕ
ਬਨੂੜ, 15 ਜੂਨ
ਘੱਗਰ ਦਰਿਆ ਉੱਤੇ ਬੰਨ੍ਹ ਲਗਾ ਕੇ ਬਨੂੜ ਖੇਤਰ ਦੇ ਪੰਜਾਹ ਪਿੰਡਾਂ ਦੇ ਚਾਲੀ ਹਜ਼ਾਰ ਦੇ ਕਰੀਬ ਰਕਬੇ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਾਉਣ ਲਈ ਬਣਾਈ ਹੋਈ ਬਨੂੜ ਨਹਿਰ ਵਿੱਚ ਸਿੰਜਾਈ ਵਿਭਾਗ ਵੱਲੋਂ ਕੱਲ੍ਹ 40 ਕਿਊਸਿਕ ਪਾਣੀ ਛੱਡਿਆ ਗਿਆ। ਅੱਜ ਸਵੇਰੇ ਇਸ ਨਹਿਰ ਦੇ ਧਰਮਗੜ੍ਹ ਮਾਈਨਰ ਵਿੱਚ ਪਿੰਡ ਧਰਮਗੜ੍ਹ ਨੇੜੇ ਪਾੜ ਪੈ ਗਿਆ। ਪਾੜ ਕਾਰਨ ਵਿਭਾਗ ਨੇ ਮਾਈਨਰ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਧਰਮਗੜ੍ਹ, ਮੁਠਿਆੜਾ, ਖਾਸਪੁਰ ਅਤੇ ਚੰਗੇਰਾ ਪਿੰਡਾਂ ਦੀ ਪਾਣੀ ਦੀ ਸਪਲਾਈ ਬੰਦ ਹੋ ਗਈ।
ਧਰਮਗੜ੍ਹ ਦੇ ਨੰਬਰਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਈਨਰ ਵਿੱਚ ਪਾੜ ਅਵਤਾਰ ਸਿੰਘ ਦੇ ਖੇਤਾਂ ਵਿੱਚ ਪਿਆ ਹੈ। ਉਨ੍ਹਾਂ ਦੱਸਿਆ ਕਿ ਬਨੂੜ-ਲਾਲੜੂ ਮਾਰਗ ਉੱਤੇ ਪਿੰਡ ਧਰਮਗੜ੍ਹ ਨੇੜਿਉਂ ਮਾਈਨਰ ਦੇ ਪਾਣੀ ਲਈ ਇੱਕ ਪੁਰਾਣੀ ਪੁਲੀ ਬਣੀ ਹੋਈ ਹੈ। ਉਹ ਪੁਲੀ ਮਾਈਨਰ ਤੋਂ ਕਾਫ਼ੀ ਡੂੰਘੀ ਹੋ ਗਈ ਹੈ, ਜਿਸ ਕਾਰਨ ਪੁਲੀ ਵਿੱਚ ਕੂੜਾ ਕਰਕਟ ਫ਼ਸ ਜਾਂਦਾ ਹੈ ਤੇ ਪਾਣੀ ਰੁਕ ਜਾਂਦਾ ਹੈ। ਉਨ੍ਹਾਂ ਸਿੰਜਾਈ ਵਿਭਾਗ ਤੋਂ ਮੰਗ ਕੀਤੀ ਕਿ ਪੁਲੀ ਉੱਚੀ ਚੁੱਕ ਕੇ ਉਸਾਰੀ ਕਰਾਈ ਜਾਵੇ। ਸਿੰਜਾਈ ਵਿਭਾਗ ਦੇ ਸਥਾਨਕ ਕਰਮਚਾਰੀਆਂ ਨੇ ਦੱਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।