ਮੁਕੇਸ਼ ਕੁਮਾਰ
ਚੰਡੀਗੜ੍ਹ, 16 ਜੁਲਾਈ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਮੁੜ ਵਸੇਬੇ ਸਕੀਮ ਅਧੀਨ ਸ਼ਹਿਰ ਵਿੱਚ ਲਗਪਗ 17 ਹਜ਼ਾਰ ਲਾਭਪਾਤਰੀਆਂ ਨੂੰ ਛੋਟੇ ਫਲੈਟ ਅਲਾਟ ਕੀਤੇ ਗਏ ਸਨ। ਪਰ ਬੋਰਡ ਨੂੰ ਮਿਲੀਆਂ ਸ਼ਿਕਾਇਤਾਂ ਅਨੁਸਾਰ ਇਨ੍ਹਾਂ ਵਿੱਚੋਂ ਕਈ ਅਲਾਟੀਆਂ ਨੇ ਆਪਣੇ ਫਲੈਟ ਅੱਗੇ ਵੇਚ ਦਿੱਤੇ ਹਨ, ਜਦੋਂ ਕਿ ਨਿਯਮਾਂ ਅਨੁਸਾਰ ਇਹਨਾਂ ਫਲੈਟਾਂ ਨੂੰ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ। ਬੋਰਡ ਨੇ ਇਨ੍ਹਾਂ ਫਲੈਟਾਂ ਦਾ ਸਰਵੇਖਣ ਕਰਨ ਦਾ ਫ਼ੈਸਲਾ ਕੀਤਾ ਸੀ ਜੋ ਭਲਕੇ ਐਤਵਾਰ ਤੋਂ ਇੱਥੇ ਰਾਮਦਰਬਾਰ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਲਈ ਬੋਰਡ ਵੱਲੋਂ 10 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ 576 ਸਮਾਲ ਫਲੈਟਾਂ ਦਾ ਸਰਵੇਖਣ ਕਰਨਗੀਆਂ। ਬੋਰਡ ਮੁਤਾਬਕ ਅਜਿਹੇ ਸਾਰੇ ਅਲਾਟੀਆਂ ਦੇ ਫਲੈਟਾਂ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਹੈ, ਜੋ ਅੱਗੇ ਵੇਚ ਚੁੱਕੇ ਹਨ। ਇਸ ਤੋਂ ਇਲਾਵਾ ਪੁਲੀਸ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਬੋਰਡ ਵੱਲੋਂ ਗਠਿਤ ਅਧਿਕਾਰੀਆਂ ਦੀਆਂ ਟੀਮਾਂ ਘਰ-ਘਰ ਜਾ ਕੇ ਅਲਾਟੀਆਂ ਦੀ ਜਾਣਕਾਰੀ ਨਿਰਧਾਰਤ ਪ੍ਰੋਫਾਰਮੇ ਵਿੱਚ ਭਰਨਗੀਆਂ।
ਐਨਫੋਰਸਮੈਂਟ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਸਰਵੇਖਣ ਦੀ ਅਗਵਾਈ ਕਰੇਗੀ। ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਸਰਵੇਖਣ ਲਈ ਟੀਮਾਂ ਦੇ ਗਠਨ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦੀਆਂ ਵੱਖ-ਵੱਖ ਟੀਮਾਂ ਹਰ ਫਲੈਟ ਦਾ ਦੌਰਾ ਕਰਨਗੀਆਂ ਅਤੇ ਜਾਂਚ ਕਰਨਗੀਆਂ ਕਿ ਇਹ ਕਿਸ ਨੂੰ ਅਲਾਟ ਕੀਤਾ ਗਿਆ ਸੀ ਅਤੇ ਹੁਣ ਇਸ ਵਿੱਚ ਕੌਣ ਰਹਿ ਰਿਹਾ ਹੈ। ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਸਪੱਸ਼ਟ ਕੀਤਾ ਹੈ ਕਿ ਸਰਵੇਖਣ ਦੌਰਾਨ ਫਲੈਟ ਵਿੱਚ ਰਹਿ ਰਹੇ ਕਿਸੇ ਵੀ ਵਿਅਕਤੀ ਨੂੰ ਫਲੈਟ ਦਾ ਅਲਾਟਮੈਂਟ ਪੱਤਰ ਅਤੇ ਆਪਣਾ ਪਛਾਣ ਪੱਤਰ ਦਿਖਾਉਣਾ ਹੋਵੇਗਾ। ਜੇ ਅਲਾਟੀ ਘਰ ਵਿੱਚ ਮੌਜੂਦ ਨਹੀਂ ਹੈ, ਤਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਦਸਤਾਵੇਜ਼ ਦਿਖਾ ਸਕਦਾ ਹੈ। ਹਾਲਾਂਕਿ, ਉਸ ਨੂੰ ਅਲਾਟੀ ਨਾਲ ਆਪਣੇ ਸਬੰਧਾਂ ਦਾ ਸਬੂਤ ਦਿਖਾਉਣਾ ਹੋਵੇਗਾ। ਅਲਾਟ ਕੀਤੇ ਫਲੈਟ ਵਿੱਚ ਦੋਸਤ, ਰਿਸ਼ਤੇਦਾਰ ਅਤੇ ਹੋਰ ਲੋਕ ਥੋੜ੍ਹੇ ਸਮੇਂ ਲਈ ਰਹਿ ਸਕਦੇ ਹਨ। ਹਾਲਾਂਕਿ, ਉਸ ਸਥਿਤੀ ਵਿੱਚ ਵੀ, ਅਲਾਟੀ ਲਈ ਉਸ ਦੇ ਨਾਲ ਹੋਣਾ ਲਾਜ਼ਮੀ ਹੋਵੇਗਾ। ਜੇ ਅਜਿਹਾ ਨਹੀਂ ਹੁੰਦਾ ਤਾਂ ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਬੋਰਡ ਅਨੁਸਾਰ ਇਸ ਦੌਰਾਨ ਡਿਫਾਲਟਰਾਂ ਦੇ ਜੋ ਵੀ ਮਕਾਨ ਖਾਲੀ ਹੋਣਗੇ, ਉਹ ਹੋਰ ਯੋਗ ਵਿਅਕਤੀਆਂ ਨੂੰ ਅਲਾਟ ਕੀਤੇ ਜਾਣਗੇ।
ਨਿਯਮਾਂ ਅਨੁਸਾਰ ਲੀਜ਼ ’ਤੇ ਹਨ ਸਾਰੇ ਫਲੈਟ
ਚੰਡੀਗੜ੍ਹ ਹਾਊਸਿੰਗ ਬੋਰਡ ਅਨੁਸਾਰ ਸ਼ਹਿਰ ਵਿੱਚ ਮੁੜ ਵਸੇਬਾ, ਸਮਾਲ ਫਲੈਟ ਸਕੀਮ ਅਤੇ ਕਿਫ਼ਾਇਤੀ ਰੈਂਟਲ ਹਾਊਸਿੰਗ ਸਕੀਮ ਤਹਿਤ ਲਗਪਗ 17,000 ਫਲੈਟ ਅਲਾਟ ਕੀਤੇ ਗਏ ਹਨ। ਅਲਾਟਮੈਂਟ ਦੇ ਨਿਯਮਾਂ ਅਨੁਸਾਰ ਇਹ ਸਾਰੇ ਫਲੈਟ ਲੀਜ਼ ’ਤੇ ਹਨ। ਇਨ੍ਹਾਂ ਨੂੰ ਵੇਚਣਾ, ਤਬਾਦਲਾ ਕਰਨਾ ਅਤੇ ਕਿਸੇ ਹੋਰ ਨੂੰ ਦੇਣਾ ਗ਼ੈਰਕਾਨੂੰਨੀ ਹੈ। ਇਸ ਦੇ ਬਾਵਜੂਦ ਕਈ ਇਲਾਕਿਆਂ ਵਿੱਚ ਫਲੈਟ ਵੇਚੇ ਅਤੇ ਖ਼ਰੀਦੇ ਜਾ ਰਹੇ ਹਨ। ਕਈ ਮਾਮਲਿਆਂ ਵਿੱਚ ਇੱਕ ਫਲੈਟ ਕਈ ਵਾਰ ਵੇਚਿਆ ਜਾ ਚੁੱਕਿਆ ਹੈ। ਅਜਿਹੀਆਂ ਕਈ ਸ਼ਿਕਾਇਤਾਂ ਬੋਰਡ ਤੱਕ ਪਹੁੰਚ ਚੁੱਕੀਆਂ ਹਨ। ਬੋਰਡ ਤਰਫੋਂ ਕਿਹਾ ਗਿਆ ਹੈ ਕਿ ਇਨ੍ਹਾਂ ਫਲੈਟਾਂ ਨੂੰ ਅੱਗੇ ਵੇਚਣਾ ਗ਼ੈਰਕਾਨੂੰਨੀ ਹੈ ਅਤੇ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅਜਿਹੇ ਅਲਾਟੀ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।