ਕਰਮਜੀਤ ਸਿੰਘ ਚਿੱਲਾ
ਬਨੂੜ, 8 ਦਸੰਬਰ
ਲੋਕਾਂ ਨੂੰ ਇੱਕੋ ਖਿੜਕੀ ਰਾਹੀਂ ਦਰਜਨਾਂ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਸੁਵਿਧਾ ਕੇਂਦਰ, ਹੁਣ ਲੋਕਾਂ ਲਈ ਦੁਬਿਧਾ ਦਾ ਸਬੱਬ ਬਣਦੇ ਜਾ ਰਹੇ ਹਨ। ਵੱਖ-ਵੱਖ ਪਿੰਡਾਂ ਵਿੱਚ ਚੱਲਦੇ ਸੁਵਿਧਾ ਕੇਂਦਰਾਂ ਨੂੰ ਮੌਜੂਦਾ ਸਰਕਾਰ ਵੱਲੋਂ ਕਾਫ਼ੀ ਸਮਾਂ ਪਹਿਲਾਂ ਬੰਦ ਕੀਤੇ ਜਾਣ ਕਰ ਕੇ ਇਸ ਖੇਤਰ ਦੇ ਦਸ-ਦਸ ਕਿਲੋਮੀਟਰ ਦੇ ਖੇਤਰ ਵਿਚ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮਾਂ ਲਈ ਬਨੂੜ ਦੇ ਇਕਲੌਤੇ ਸੁਵਿਧਾ ਕੇਂਦਰ ਵਿੱਚ ਆਉਣਾ ਪੈਂਦਾ ਹੈ।
ਬਨੂੜ ਸ਼ਹਿਰ ਵਿੱਚ ਪਹਿਲਾਂ ਚੱਲਦੇ ਦੋ ਸੁਵਿਧਾ ਕੇਂਦਰਾਂ ਦੀ ਥਾਂ ਹੁਣ ਸਿਰਫ ਇੱਕੋੋ ਸੁਵਿਧਾ ਕੇਂਦਰ ਹੋਣ ਕਾਰਨ ਬਨੂੜ ਕਸਬੇ ਦੇ ਲੋਕ ਵੀ ਆਪਣੇ ਕੰਮਾਂ ਲਈ ਇੱਥੇ ਹੀ ਆਉਂਦੇ ਹਨ। ਸੁਵਿਧਾ ਕੇਂਦਰ ਵੱਲੋਂ ਵੱਖ-ਵੱਖ ਕੰਮਾਂ ਦੇ ਆਧਾਰ ਉੱਤੇ ਕੀਤੀ ਗਈ ਵੰਡ ਅਨੁਸਾਰ ਟੋਕਨ ਵੰਡੇ ਜਾਣ ਕਾਰਨ ਅਤੇ ਇੱਥੇ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦੀ ਘਾਟ ਹੋਣ ਕਰ ਕੇ ਲੋਕਾਂ ਨੂੰ ਲੰਬਾ ਸਮਾਂ ਆਪਣੇ ਕੰਮਾਂ ਲਈ ਉਡੀਕ ਕਰਨੀ ਪੈਂਦੀ ਹੈ। ਬਨੂੜ ਤੋਂ ਕਰੀਬ ਦਸ ਕਿਲੋਮੀਟਰ ਦੂਰ ਪੈਂਦੇ ਪਿੰਡ ਬਾਸਮਾਂ ਤੋਂ ਆਏ 65 ਸਾਲਾ ਗੁਰਮੀਤ ਸਿੰਘ ਅਤੇ ਬਾਸਮਾਂ ਕਲੋੋਨੀ ਦੇ ਬਜ਼ੁਰਗ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਆਧਾਰ ਕਾਰਡ ਵਿੱਚ ਸੋਧ ਕਰਵਾਉਣੀ ਹੈ ਅਤੇ ਭਾਰੀ ਭੀੜ ਹੋਣ ਕਰ ਕੇ ਉਹ ਪਿਛਲੇ ਅੱਠ ਦਿਨਾਂ ਤੋਂ ਲਗਾਤਾਰ ਬਿਨਾ ਕੰਮ ਕਰਵਾਏ ਵਾਪਸ ਮੁੜ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇੱਥੇ ਵੰਡੇ ਜਾਂਦੇ ਟੋਕਨਾਂ ਦੀ ਗਿਣਤੀ ਲੋਕਾਂ ਦੀ ਆਮਦ ਅਨੁਸਾਰ ਵਧਾਈ ਜਾਵੇ ਅਤੇ ਬਜ਼ੁਰਗਾਂ ਲਈ ਵੱਖਰੇ ਤੌਰ ’ਤੇ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇ।
ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਧੂ ਸਿੰਘ ਖਲੌਰ ਨੇ ਆਖਿਆ ਕਿ ਲੋਕਾਂ ਦੀ ਇਸ ਖੱਜਲ-ਖੁਆਰੀ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਹਰ ਤਿੰਨ ਤੋਂ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸੁਵਿਧਾ ਕੇਂਦਰ ਖੋਲ੍ਹੇ ਗਏ ਸਨ, ਜੋ ਮੌਜੂਦਾ ਸਰਕਾਰ ਨੇ ਆਉਂਦਿਆਂ ਹੀ ਬੰਦ ਕਰ ਦਿੱਤੇ।
ਲੋਕਾਂ ਦੀ ਮੁਸ਼ਕਿਲ ਦੂਰ ਕੀਤੀ ਜਾਵੇਗੀ: ਨਾਇਬ ਤਹਿਸੀਲਦਾਰ
ਬਨੂੜ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿਲੋਂ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸੁਵਿਧਾ ਕੇਂਦਰਾਂ ਰਾਹੀਂ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਬਨੂੜ ਦੇ ਸੁਵਿਧਾ ਕੇਂਦਰ ਵਿੱਚ ਜੇਕਰ ਲੋਕਾਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਤਾਂ ਉਹ ਜਲਦੀ ਹੀ ਦੂਰ ਕੀਤੀ ਜਾਵੇਗੀ।