ਮੁਕੇਸ਼ ਕੁਮਾਰ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਸ਼ਹਿਰ ਦੇ ਸਮੂਹ ਨਾਗਰਿਕਾਂ ਨੂੰ ਵੱਖ-ਵੱਖ ਸਫ਼ਾਈ ਮੁਹਿੰਮਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਕਰ ਕੇ ਇੱਕ ਸਵੱਛ ਤੇ ਸਿਹਤਮੰਦ ਵਾਤਾਵਰਨ ਬਣਾਉਣ ਅਤੇ ਆਰਆਰਆਰ ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਨਗਰ ਨਿਗਮ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ 15 ਦਿਨਾਂ ਤਕ ਜਾਰੀ ਰਹਿਣ ਵਾਲੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਦੋ ਅਕਤੂਬਰ ਤਕ ਜਾਰੀ ਰਹਿਣ ਵਾਲੀ ਇਸ ਮੁਹਿੰਮ ਦੀ ਇੱਥੇ ਸੈਕਟਰ 16 ਸਥਿਤ ਜ਼ਾਕਿਰ ਰੋਜ਼ ਗਾਰਡਨ ਵਿੱਚ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਚੰਡੀਗੜ੍ਹ ਦੇ ਸਵੱਛਤਾ ਮਾਸਕੌਟ ‘ਸਵੱਛਮਨ’ ਰਾਹੀਂ ਸਵੱਛਤਾ ਦੇ ਸੰਦੇਸ਼ ਨੂੰ ਲੈ ਕੇ ਜਾਗਰੂਕ ਕਰਨ ਲਈ 20,000 ਸਫ਼ਾਈ ਕਰਮਚਾਰੀਆਂ ਦੀ ਮਨੁੱਖੀ ਚੇਨ ਬਣਾਈ ਗਈ। ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ‘ਸਵੱਛਤਾ ਹੀ ਸੇਵਾ’ ਨੂੰ ਇੱਕ ਜਨ ਅੰਦੋਲਨ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਵਾਂਗੇ ਅਤੇ ਇਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਹੋਵੇਗੀ। ਇਸ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਅਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਨਗਰ ਨਿਗਮ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਤਹਿਤ ਲਗਾਤਾਰ ਤਿੰਨ ਸਾਲਾਂ ਵਿੱਚ ਆਪਣੀ ਤੀਜੀ ਮਨੁੱਖੀ ਲੜੀ ਰਾਹੀਂ, ਸਵੱਛਤਾ ਬਾਰੇ ਇੱਕ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਅੱਜ ਇਸ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਦੇ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਕੱਤਰ ਸਥਾਨਕ ਸਰਕਾਰਾਂ ਮਨਦੀਪ ਸਿੰਘ ਬਰਾੜ, ਏਰੀਆ ਕੌਂਸਲਰ ਸੌਰਭ ਜੋਸ਼ੀ, ਸਾਬਕਾ ਮੇਅਰ ਅਨੂਪ ਗੁਪਤਾ ਤੇ ਹੋਰ ਕੌਂਸਲਰ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।