ਪੱਤਰ ਪ੍ਰੇਰਕ
ਚੰਡੀਗੜ੍ਹ, 21 ਸਤੰਬਰ
ਚੰਡੀਗੜ੍ਹ ਨਗਰ ਨਿਗਮ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਖੇਤਰ ਵਿੱਚ ਰਜਿਸਟਰੀਆਂ ਬੰਦ ਕੀਤੇ ਜਾਣ ਬਾਰੇ ਚੰਡੀਗੜ੍ਹ ਯੂ.ਟੀ. ਨੰਬਰਦਾਰਾ ਯੂਨੀਅਨ ਦੀ ਮੰਗ ਉਤੇ ਅਮਲ ਕਰਦਿਆਂ ਅੱਜ ਤਹਿਸੀਲਦਾਰ ਮਨਦੀਪ ਸਿੰਘ ਢਿੱਲੋਂ ਅਤੇ ਯੋਗੇਸ਼ ਕੁਮਾਰ ਨੇ ਨੰਬਰਦਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਕਾਨੂੰਗੋ ਸਤਵੀਰ ਸਿੰਘ ਵੀ ਹਾਜ਼ਰ ਸਨ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਹਰਦਿਆਲ ਸਿੰਘ ਮਨੀਮਾਜਰਾ, ਮਨਜੀਤ ਸਿੰਘ ਮਨੀਮਾਜਰਾ ਨੇ ਦੱਸਿਆ ਕਿ ਤਹਿਸੀਲਦਾਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਨੰਬਰਦਾਰਾਂ ਤੋਂ ਬਗੈਰ ਰਜਿਸਟਰੀਆਂ ਨਹੀਂ ਕਰਵਾਈਆਂ ਜਾਣਗੀਆਂ ਅਤੇ ਰਜਿਸਟਰੀ ਵਿੱਚ ਬਕਾਇਦਾ ਨੰਬਰਦਾਰ ਨੂੰ ਖੜ੍ਹਾ ਕੇ ਫੋਟੋ ਕਰਵਾਈ ਜਾਵੇਗੀ ਤਾਂ ਕਿ ਰਜਿਸਟਰੀਆਂ ਵਿੱਚ ਕਿਸੇ ਪ੍ਰਕਾਰ ਦੀ ਧੋਖਾਧੜੀ ਨਾ ਹੋ ਸਕੇ। ਇਸ ਦੇ ਨਾਲ ਨੰਬਰਦਾਰਾਂ ਦਾ ਭੱਤਾ ਵੀ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪਿੰਡ ਪਲਸੌਰਾ ਦੇ ਨੰਬਰਦਾਰ ਤੇ ਆਲ ਇੰਡੀਆ ਕਿਸਾਨ ਸੈੱਲ ਕਾਂਗਰਸ ਚੰਡੀਗੜ੍ਹ ਅਤੇ ਪੇਂਡੂ ਸੰਘਰਸ਼ ਕਮੇਟੀ ਦੇ ਚੇਅਰਮੈਨ ਨੰਬਰਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਪਟਵਾਰੀ ਜਾਂ ਨੰਬਰਦਾਰ ਦੀਆਂ ਰਿਪੋਰਟਾਂ ਨੂੰ ਨਜ਼ਰਅੰਦਾਜ਼ ਕਰ ਕੇ ਰਜਿਸਟਰੀਆਂ ਉਤੇ ਪਾਬੰਦੀ ਹੀ ਲਗਾ ਦਿੱਤੀ ਸੀ।