ਪੱਤਰ ਪ੍ਰੇਰਕ
ਘਨੌਲੀ, 7 ਅਗਸਤ
ਇੱਥੋਂ ਨੇੜਲੇ ਪਿੰਡ ਥਲੀ ਖੁਰਦ ਵਿੱਚ ਸਥਿਤ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਹਰਮਿੰਦਰ ਕੌਰ ਦੀ ਦੇਖ-ਰੇਖ ਅਧੀਨ ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਤੋਂ ਇਲਾਵਾ ਗਿੱਧਾ ਪਾਇਆ ਗਿਆ ਤੇ ਵਿਦਿਆਰਥਣਾਂ ਨੇ ਪੀਂਘਾ ਵੀ ਝੂਟੀਆਂ। ਇਸ ਦੌਰਾਨ ਵਿਦਿਆਰਥਣਾਂ ਦੇ ਪੀਂਘ ਚੜ੍ਹਾਉਣ, ਗਿੱਧਾ, ਬੋਲੀਆਂ, ਪੱਖੀਆਂ ਬੁਣਨ, ਚਰਖਾ ਕੱਤਣ ਤੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ ਤੇ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਪ੍ਰਿੰਸੀਪਲ ਹਰਮਿੰਦਰ ਕੌਰ ਨੇ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਅਮੀਰ ਵਿਰਸੇ ਦਾ ਇਕ ਅਹਿਮ ਹਿੱਸਾ ਹੈ ਤੇ ਇਸ ਤਰ੍ਹਾਂ ਦੇ ਤਿਉਹਾਰ ਮਨਾ ਕੇ ਅਸੀਂ ਆਪਣੇ ਪੁਰਾਤਨ ਵਿਰਸੇ ਨਾਲ ਜੁੜਦੇ ਹਾਂ। ਇਸ ਦੌਰਾਨ ਸਕੂਲ ਦੀਆਂ ਸਮੂਹ ਅਧਿਆਪਕਾਵਾਂ ਵੀ ਹਾਜ਼ਰ ਸਨ।