ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਮੁੜ ਤੋਂ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਦੱਸਣ ਕਿ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ‘ਸਿਟੀ ਬਿਊਟੀਫੁੱਲ’ ਚੰਡੀਗੜ੍ਹ ਵਿੱਚ ਕੀ ਕੰਮ ਕੀਤੇ ਗਏ ਹਨ। ਇਸ ਬਾਰੇ 10 ਸਾਲਾਂ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ।
ਸ੍ਰੀ ਤਿਵਾੜੀ ਨੇ ਸੈਕਟਰ-40 ਤੇ ਕੈਂਬਵਾਲਾ ਵਿੱਚ ਪੈਦਲ ਯਾਤਰਾ ਕਰਦਿਆਂ ਦੁਹਰਾਇਆ ਕਿ ਕਾਂਗਰਸ ਲੋਕ ਭਲਾਈ ਲਈ ਵਚਨਬੱਧ ਹੈ। ਇਸੇ ਸਬੰਧ ਵਿੱਚ ਉਨ੍ਹਾਂ ਮਹਾਲਕਸ਼ਮੀ ਯੋਜਨਾ ਦਾ ਜ਼ਿਕਰ ਕੀਤਾ, ਜਿਸ ਤਹਿਤ ਦੇਸ਼ ਭਰ ਦੇ ਹਰੇਕ ਗਰੀਬ ਪਰਿਵਾਰ ਨੂੰ ਸਾਲਾਨਾ ਇਕ ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਕਰੀਬ 20 ਕਰੋੜ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ ਹਨ, ਜਿਨ੍ਹਾਂ ਲਈ ਇਕ ਲੱਖ ਰੁਪਏ ਸਾਲਾਨਾ ਦੀ ਮਾਲੀ ਮਦਦ ਸਹਾਈ ਸਾਬਿਤ ਹੋਵੇਗੀ। ਕਾਂਗਰਸੀ ਉਮੀਦਵਾਰ ਨੇ ਵਾਅਦਾ ਕੀਤਾ ਕਿ ਜੇਕਰ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੀ ਹੈ ਤਾਂ ਇਹ ਸਕੀਮ ਪਹਿਲੀ ਜੁਲਾਈ 2024 ਤੋਂ ਸ਼ੁਰੂ ਹੋ ਜਾਵੇਗੀ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਹੁਣ ਜਵਾਬਾਂ ਤੋਂ ਭੱਜ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਲਈ ਸੰਸਦ ਮੈਂਬਰ ਹੀ ਇਕਲੌਤਾ ਵਿਧਾਨਕ ਨੁਮਾਇੰਦਾ ਹੈ।
ਸੰਸਦ ਮੈਂਬਰ ਸਥਾਨਕ ਮੁੱਦਿਆਂ ਲਈ ਵੀ ਓਨਾ ਹੀ ਜਵਾਬਦੇਹ ਅਤੇ ਜ਼ਿੰਮੇਵਾਰ ਹੈ ਜਿੰਨਾ ਕਿ ਉਹ ਕੌਮੀ ਮੁੱਦਿਆਂ ਲਈ ਹੈ। ਇਸ ਦੌਰਾਨ ਤਿਵਾੜੀ ਨੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ।