ਮੁੱਖ ਅੰਸ਼
- ਲੋਕਾਂ ਵੱਲੋਂ ਹਿਸਾਬ ਨਾ ਦਿੱਤੇ ਜਾਣ ’ਤੇ ਕਮੇਟੀ ਬਦਲਣ ਦੀ ਚਿਤਾਵਨੀ
- ਗੁਰਦੁਆਰਾ ਕਮੇਟੀ ਨੇ ਬਿਨਾ ਮਨਜ਼ੂਰੀ ਮੀਟਿੰਗ ਕਰਨ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ
ਹਰਜੀਤ ਸਿੰਘ
ਡੇਰਾਬੱਸੀ, 3 ਮਈ
ਇਥੋਂ ਦੀ ਅਨਾਜ ਮੰਡੀ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਕਾਬਜ਼ ਧਿਰ ਤੋਂ ਹਿਸਾਬ ਮੰਗਿਆ ਜਾ ਰਿਹਾ ਹੈ ਜਦੋਂਕਿ ਕਮੇਟੀ ਇਸ ਤੋਂ ਟਾਲਾ ਵੱਟ ਰਹੀ ਹੈ ਜਿਸ ਕਾਰਨ ਇੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦੂਜੇ ਪਾਸੇ ਕਾਬਜ਼ ਧਿਰ ਵੱਲੋਂ ਕਰੋਨਾਵਾਇਰਸ ਦੌਰਾਨ ਗੁਰਦੁਆਰੇ ਵਿਚ ਮੀਟਿੰਗ ਕਰਨ ਨੂੰ ਲੈ ਕੇ ਦੂਜੀ ਧਿਰ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਗੁਰਦੁਆਰੇ ਵਿਖੇ ਇਕੱਤਰ ਹੋਏ ਲੋਕਾਂ ਰਾਜਿੰਦਰ ਸਿੰਘ, ਨਵਨੀਤ ਸਿੰਘ, ਗੁਰਮੀਤ ਸਿੰਘ ਤੇ ਬਲਜੀਤ ਸਿੰਘ ਆਦਿ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਨੇ ਲੰਘੇ 13 ਸਾਲ ਤੋਂ ਗੁਰਦੁਆਰੇ ਦੀ ਨਵੀਂ ਇਮਾਰਤ ਦਾ ਕੰਮ ਛੇੜਿਆ ਹੈ ਜਿਸ ਲਈ ਕਰੋੜਾਂ ਰੁਪਏ ਇਕੱਤਰ ਕੀਤੇ ਗਏ ਹਨ ਪਰ ਕਮੇਟੀ ਵੱਲੋਂ ਸੰਗਤ ਨੂੰ ਇਕੱਤਰ ਹੋਈ ਰਕਮ ਦਾ ਹਿਸਾਬ-ਕਿਤਾਬ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸੰਗਤ ਵੱਲੋਂ ਮੀਟਿੰਗ ਕਰ ਕੇ ਹਿਸਾਬ ਮੰਗਿਆ ਜਾ ਚੁੱਕਾ ਹੈ ਪਰ ਕਾਬਜ਼ ਧਿਰ ਕਮੇਟੀ ’ਤੇ ਕਰਜ਼ਾ ਹੋਣ ਦੀ ਗੱਲ ਆਖ ਕੇ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇਸ ਸਬੰਧੀ ਇਕ ਮੀਟਿੰਗ ਗੁਰਦੁਆਰੇ ਵਿਖੇ ਰੱਖੀ ਗਈ ਸੀ ਪਰ ਜਾਣਬੁੱਝ ਕੇ ਕਾਬਜ਼ ਧਿਰ ਮੀਟਿੰਗ ਵਿੱਚ ਨਹੀਂ ਪਹੁੰਚੀ, ਜਿਸ ਨੂੰ ਦੇਖਦਿਆਂ ਅੱਜ ਇਕੱਤਰ ਹੋਏ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਛੇਤੀ ਹਿਸਾਬ ਨਾ ਦਿੱਤਾ ਗਿਆ ਤਾਂ ਉਹ ਨਵੀਂ ਕਮੇਟੀ ਬਣਾਉਣ ਲਈ ਮਜਬੂਰ ਹੋਣਗੇ ਅਤੇ ਨਵੀਂ ਕਮੇਟੀ ਦੇ ਮੁੱਖ ਸੇਵਾਦਾਰ ਮਨਵਿੰਦਰ ਸਿੰਘ ਬਾਵਾ ਨੂੰ ਮੁੱਖ ਸੇਵਾਦਾਰ ਤਾਇਨਾਤ ਕੀਤਾ ਗਿਆ।
ਉੱਧਰ, ਕਾਬਜ਼ ਧਿਰ ਦੇ ਮੁੱਖ ਸੇਵਾਦਾਰ ਅਮਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੁਰਾਣੀ ਕਮੇਟੀ ਵੱਲੋਂ ਹਾਲੇ ਤੱਕ ਹਿਸਾਬ ਨਹੀਂ ਦਿੱਤਾ ਗਿਆ ਹੈ ਇਸ ਕਰ ਕੇ ਉਹ ਅਜੇ ਸੰਗਤ ਨੂੰ ਹਿਸਾਬ ਕਿਵੇਂ ਦੇ ਸਕਦੇ ਹਨ। ਇਸ ਤੋਂ ਇਲਾਵਾ ਕਈ ਕੈਸ਼ੀਅਰ ਬਿਨਾ ਹਿਸਾਬ ਬਦਲ ਦਿੱਤੇ ਗਏ ਹਨ ਜਿਸ ਕਾਰਨ ਉਹ ਹਿਸਾਬ ਦੇਣ ਵਿੱਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਬਿਨਾ ਕਿਸੇ ਮਨਜ਼ੂਰੀ ਤੋਂ ਮੀਟਿੰਗ ਕੀਤੀ ਗਈ, ਜਿਸ ਸਬੰਧੀ ਉਨ੍ਹਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਮੇਵਾ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦੇ ਬਿਆਨ ਲੈਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।