ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮੁਹਾਲੀ ਦਾ ਨਤੀਜਾ ਬੇਹੱਦ ਨਿਰਾਸ਼ਾਜਨਕ ਰਿਹਾ ਹੈ, ਸ਼ਹਿਰ ਦੇ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਦਾ ਇੱਕ ਵੀ ਬੱਚਾ ਮੈਰਿਟ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਉਧਰ, ਤਿੰਨ ਪੇਂਡੂ ਸਕੂਲਾਂ ਦੇ ਬੱਚਿਆਂ ਨੇ ਮੈਰਿਟ ਵਿੱਚ ਥਾਂ ਬਣਾ ਕੇ ਮੁਹਾਲੀ ਜ਼ਿਲ੍ਹੇ ਦੀ ਲਾਜ ਰੱਖੀ ਹੈ।
ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਜਾਰੀ ਕੀਤੀ ਦਸਵੀਂ ਜਮਾਤ ਦੇ 312 ਵਿਦਿਆਰਥੀਆਂ ਦੀ ਮੈਰਿਟ ਵਿੱਚ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ (ਮੁਹਾਲੀ) ਦੇ ਵਿਦਿਆਰਥੀ ਅਵੀਰਾਜ ਗੌਤਮ ਪੁੱਤਰ ਰਜਨੀਸ਼ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਦਿਆਲਪੁਰ (ਜ਼ਿਲ੍ਹਾ ਮੁਹਾਲੀ) ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ ਕੁੱਲ 650 ’ਚੋਂ 633-633 ਬਰਾਬਰ ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.38 ਫੀਸਦੀ ਹੈ ਜਦੋਂਕਿ ਪੰਜਾਬ ਦੀ ਮੈਰਿਟ ਵਿੱਚ 11ਵਾਂ ਰੈਂਕ ਹੈ। ਇੰਜ ਹੀ ਸਰਕਾਰੀ ਕੰਨਿਆਂ ਹਾਈ ਸਕੂਲ ਮੁਬਾਰਕਪੁਰ (ਜ਼ਿਲ੍ਹਾ ਮੁਹਾਲੀ) ਦੀ ਤਾਨੀਆ ਰਾਣੀ ਪੁੱਤਰੀ ਸੁਨੀਲ ਕੁਮਾਰ ਨੇ 630 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ, ਉਸ ਦੀ ਪਾਸ ਪ੍ਰਤੀਸ਼ਤਤਾ 96.92 ਫੀਸਦੀ ਹੈ। ਜਦੋਂਕਿ ਪੰਜਾਬ ਦੀ ਮੈਰਿਟ ਵਿੱਚ 14ਵਾਂ ਰੈਂਕ ਹੈ। ਜ਼ਿਲ੍ਹਾ ਪੱਧਰ ’ਤੇ ਮੁਹਾਲੀ 12ਵੇਂ ਨੰਬਰ ’ਤੇ ਹੈ ਜਦੋਂਕਿ ਬਾਰ੍ਹਵੀਂ ਦੀ ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਜ਼ਿਲ੍ਹਾ ਮੁਹਾਲੀ 17ਵੇਂ ਸਥਾਨ ’ਤੇ ਸੀ।
ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਅਧਿਆਪਕ ਸਿਫਾਰਸ਼ੀ ਹਨ ਜਿਸ ਕਾਰਨ ਮਾੜੇ ਨਤੀਜੇ ਦੇਣ ਵਾਲੇ ਸਕੂਲਾਂ ਖ਼ਿਲਾਫ਼ ਕਦੇ ਕੋਈ ਉਚਿੱਤ ਕਾਰਵਾਈ ਨਹੀਂ ਹੋਈ। ਜਾਣਕਾਰੀ ਅਨੁਸਾਰ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਮੁਹਾਲੀ ਜ਼ਿਲ੍ਹੇ ਦੇ 9401 ਵਿਦਿਆਰਥੀ ਅਪੀਅਰ ਹੋਏ ਸੀ ਜਿਨ੍ਹਾਂ ’ਚੋਂ 9307 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 99 ਫੀਸਦੀ ਬਣਦੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਮੁਹਾਲੀ ਦੇ ਮਾੜੇ ਨਤੀਜੇ ਆਉਂਦੇ ਰਹੇ ਹਨ। ਜਦੋਂਕਿ ਹੁਕਮਰਾਨ ਹਮੇਸ਼ਾ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਸਿੱਖਿਆ ਅਤੇ ਸਿਹਤ ਸਰਕਾਰ ਦੇ ਤਰਜੀਹੀ ਖੇਤਰ ਹਨ ਪਰ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਉਧਰ, ਸ਼ਹਿਰ ਦੇ ਨਾਮੀ ਪ੍ਰਾਈਵੇਟ ਸਕੂਲ ਵੀ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲਦੇ ਹਨ ਪ੍ਰੰਤੂ ਪ੍ਰਾਈਵੇਟ ਸਕੂਲਾਂ ਦਾ ਵੀ ਕੋਈ ਬੱਚਾ ਮੈਰਿਟ ਵਿੱਚ ਥਾਂ ਨਹੀਂ ਬਣਾ ਸਕਿਆ।
ਅਵੀਰਾਜ ਨੇ ਬਿਨਾਂ ਟਿਊਸ਼ਨ ਤੋਂ ਜ਼ਿਲ੍ਹੇ ’ਚ ਪ੍ਰਾਪਤ ਕੀਤਾ ਪਹਿਲਾ ਸਥਾਨ
ਕੁਰਾਲੀ (ਮਿਹਰ ਸਿੰਘ): ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਨੇੜਲੇ ਪਿੰਡ ਸਿਆਲਬਾ ਦੇ ਸ਼ਹੀਦ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਵੀਰਾਜ਼ ਗੌਤਮ ਨੇ 97.38 ਫੀਸਦੀ ਅੰਕਾਂ ਨਾਲ ਮੈਰਿਟ ਵਿੱਚ ਥਾਂ ਬਣਾ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਅਵੀਰਾਜ਼ ਨੇ ਪੰਜਾਬ ਭਰ ਵਿਚੋਂ 11ਵਾਂ ਰੈਂਕ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਅੱਜ ਦਸਵੀਂ ਜਮਾਤ ਦੇ ਨਤੀਜਾ ਐਲਾਨ ਹੋਣ ਦੇ ਨਾਲ ਹੀ ਜਦੋਂ ਮੈਰਿਟ ਸੂਚੀ ਜਾਰੀ ਹੁੰਦਿਆਂ ਹੀ ਸਿਆਲਬਾ ਸਕੂਲ ਤੇ ਅਵੀਰਾਜ਼ ਦੇ ਘਰ ਵਿੱਚ ਖੁਸ਼ੀ ਦਲ ਲਹਿਰ ਦੌੜ ਪਈ। ਅਵੀਰਾਜ਼ ਗੌਤਮ ਨੇ ਇਸ ਨਤੀਜੇ ਵਿੱਚ ਕੁੱਲ੍ਹ 633/650 ਅੰਕ ਹਾਸਲ ਕੀਤੇ। ਸਕੂਲ ਦੇ ਪ੍ਰਿੰਸੀਪਲ ਗੁਰਸ਼ੇਰ ਸਿੰਘ ਨੇ ਦੱਸਿਆ ਕਿ ਅਵੀਰਾਜ਼ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ ਜੋ ਕਿ ਬਹੁਤ ਮਿਹਨਤੀ ਹੈ। ਉਨ੍ਹਾਂ ਕਿਹਾ ਕਿ ਅਵੀਰਾਜ਼ ਦੀ ਮਿਹਨਤ ਤੇ ਸਕੂਲ ਦੇ ਅਧਿਆਪਕਾਂ ਵਲੋਂ ਦਿੱਤੀ ਯੋਗ ਅਗਵਾਈ ਸਦਕਾ ਹੀ ਸਕੂਲ ਨੂੰ ਇਹ ਮਾਣ ਹਾਸਲ ਹੋਇਆ ਹੈ। ਇਸੇ ਦੌਰਾਨ ਅਵੀਰਾਜ਼ ਗੌਤਮ ਨੇ ਦੱਸਿਆ ਕਿ ਉਸਨੇ ਇਹ ਅੰਕ ਆਪਣੀ ਦਿਨ ਰਾਤ ਦੀ ਮਿਹਨਤ ਅਤੇ ਅਧਿਆਪਕਾਂ ਵਲੋਂ ਦਿੱਤੀ ਅਗਵਾਈ ਸਦਕਾ ਹੀ ਹਾਸਲ ਕੀਤੇ ਹਨ। ਉਸਨੇ ਦੱਸਿਆ ਕਿ ਇਸ ਪ੍ਰਾਪਤੀ ਲਈ ਉਸਨੇ ਕੋਈ ਟਿਊਸ਼ਨ ਨਹੀਂ ਪੜ੍ਹੀ ਸਗੋਂ ਸਕੂਲ ਵਿੱਚ ਕਰਵਾਈ ਜਾਂਦੀ ਪੜ੍ਹਾਈ ਨਾਲ ਹੀ ਪ੍ਰੀਖਿਆ ਦੀ ਤਿਆਰੀ ਕੀਤੀ ਹੈ। ਅਵੀਰਾਜ਼ ਨੇ ਦੱਸਿਆ ਕਿ ਉਹ ਵੱੱਡਾ ਹੋ ਕੇ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਇਸ ਖੇਤਰ ਕੁਝ ਨਵਾਂ ਕਰਕੇ ਵਿੱਚ ਦੇਸ਼ ਤੇ ਸਮਾਜ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹੈ। ਅਵੀਰਾਜ ਦੇ ਪਿਤਾ ਰਜਨੀਸ਼ ਕੁਮਾਰ ਨੇ ਜੋ ਕਿ ਸਿਆਬਲਾ ਵਿਖੇ ਦੁਕਾਨ ਚਲਾਉਂਦੇ ਹਨ ਨੇ ਆਪਣੇ ਪੁੱਤਰ ’ਤੇ ਨਾਜ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਹੀ ਉਮੀਦ ਸੀ।