ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਗਸਤ
ਚੰਡੀਗੜ੍ਹ ਨਗਰ ਨਿਗਮ ਵਲੋਂ ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ ਦੇ ਸਫਾਈ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਸਮਾਰਟ ਘੜੀਆਂ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਅਤੇ ਸਫਾਈ ਕਰਮਚਾਰੀਆਂ ਵਿਚਾਲੇ ਰੇੜਕਾ ਕਾਇਮ ਹੈ। ਨਿਗਮ ਦੇ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਸਮਾਰਟ ਘੜੀਆਂ ਸਮੇਤ ਆਪਣੀਆਂ ਹੋਰ ਮੰਗਾਂ ਦੇ ਵਿਰੋਧ ਵਿੱਚ ਜਿਥੇ 15 ਅਗਸਤ ਨੂੰ ਮੁੰਡਣ ਕਰਵਾਊਣਗੇ ਊਥੇ 21 ਅਗਸਤ ਤੋਂ ਸ਼ਹਿਰ ਵਿੱਚ ਕੰਮ ਛੱਡੋ ਹੜਤਾਲ ਸ਼ੁਰੂ ਕਰਨਗੇ। ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਨੇ ਦੱਸਿਆ ਕਿ 15 ਅਗਸਤ ਨੂੰ ਯੂਨੀਅਨ ਦੇ ਮੈਂਬਰਾਂ ਵਲੋਂ ਨਿਗਮ ਦੇ ਕਰਮਚਾਰੀ ਵਿਰੋਧੀ ਫੈਸਲੇ ਨੂੰ ਲੈ ਕੇ ਸਿਰ ਮੁੰਡਵਾ ਕੇ ਸ਼ਰਾਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਘੜੀਆਂ ਨਾਲ ਨਿਗਮ ਸਫਾਈ ਕਰਮਚਾਰੀਆਂ ਤੋਂ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਕੰਮ ਲੈ ਰਿਹਾ ਹੈ ਅਤੇ ਉਨ੍ਹਾਂ ਦੀ ਨਿੱਜਤਾ ਵਿੱਚ ਵੀ ਦਖਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘੜੀਆਂ ਗੁੱਟ ’ਤੇ ਬੰਨਣ ਨਾਲ ਕਈਂ ਸਫਾਈ ਕਰਮਚਾਰੀਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਨਿਗਮ ਦੇ ਅਧਿਕਾਰੀਆਂ ਤੇ ਉਨ੍ਹਾਂ ਵਲੋਂ ਇਨ੍ਹਾਂ ਘੜੀਆਂ ਨੂੰ ਵਾਪਸ ਲੈਣ ਦੀ ਵਾਰ ਵਾਰ ਕੀਤੀ ਜਾ ਰਹੀ ਮੰਗ ’ਤੇ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਨਿਗਮ ਇਨ੍ਹਾਂ ਘੜੀਆਂ ਨੂੰ ਲੈ ਕੇ ਹਰ ਮਹੀਨੇ ਲੱਖਾਂ ਰੁਪਏ ਫਜ਼ੂਲ ਵਿੱਚ ਖਰਚ ਰਿਹਾ ਹੈ। ਪਰ ਦੂਜੇ ਪਾਸੇ ਨਿਗਮ ਕੋਲ ਆਪਣੇ ਸਫਾਈ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ। ਸ੍ਰੀ ਚੱਢਾ ਨੇ ਕਿਹਾ ਕਿ ਜੇ ਹੜਤਾਲ ਦੌਰਾਨ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਵਿਗੜੇ ਹਾਲਾਤ ਦੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਦੌਰਾਨ ਨਿਗਮ ਦੀ ਸਫਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦੇ ਓਮਪਾਲ, ਬਾਬੂਰਾਮ, ਸੁਭਾਸ਼, ਅਸ਼ੋਕ, ਬਿਰਮ ਪਾਲ ਤੇ ਲੋਕੇਂਦਰ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ।