ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 20 ਮਾਰਚ
ਇੱਥੋਂ ਦੀ ਪਟਿਆਲਾ ਰੋਡ ’ਤੇ ਸਥਿਤ ਸ਼ਿਵਾਲਿਕ ਵਿਹਾਰ ਕਲੋਨੀ ਵਿੱਚ ਇੱਕ ਘਰ ਤੋਂ ਚੋਰੀ ਕਰ ਕੇ ਭੱਜਦੇ ਹੋਏ ਚੋਰ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ।
ਇਸ ਸਬੰਧੀ ਕਲਿਆਣੀ ਬੈਨਰਜੀ ਪਤਨੀ ਸ਼ਾਯਮਲ ਕੁਮਾਰ ਬੈਨਰਜੀ ਨੇ ਦੱਸਿਆ ਕਿ ਉਸਦਾ ਪਤੀ ਆਪਣੇ ਕੰਮ ’ਤੇ ਗਿਆ ਹੋਇਆ ਸੀ ਤੇ ਉਹ ਸ਼ਾਮ ਨੂੰ ਉਹ ਘਰ ਨੂੰ ਤਾਲਾ ਲਾ ਕੇ ਮਾਰਕੀਟ ਵਿੱਚੋਂ ਕੋਈ ਜ਼ਰੂਰੀ ਸਾਮਾਨ ਲੈਣ ਲਈ ਗਈ ਸੀ, ਪਰ ਜਦੋਂ ਸ਼ਾਮ ਸੱਤ ਵਜੇ ਵਾਪਸ ਘਰ ਆ ਕੇ ਜਦੋਂ ਉਸ ਨੇ ਮੇਨ ਗੇਟ ਖੋਲ੍ਹਿਆ ਤਾਂ ਅੰਦਰੋਂ ਇੱਕ ਨੌਜਵਾਨ ਉਸ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਿਆ। ਨੌਜਵਾਨ ਨੇ ਹੱਥ ਵਿੱਚ ਕਰੀਮ ਅਤੇ ਇੱਕ ਬੈਗ ਫੜਿਆ ਹੋਇਆ ਸੀ। ਉਸ ਵੱਲੋਂ ਰੌਲਾ ਪਾਉਣ ’ਤੇ ਗੁਆਂਢੀ ਇਕੱਤਰ ਹੋ ਗਏ ਅਤੇ ਉਨ੍ਹਾਂ ਮੁਲਜ਼ਮ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਮੁਲਜ਼ਮ ਬੈਗ ਵਿੱਚ ਘਰ ਤੋਂ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਰਿਹਾ ਸੀ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਆਕਾਸ਼ ਉਰਫ਼ ਟਟੂਆ ਵਜੋਂ ਹੋਈ ਹੈ ਜਿਸ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਮਾਮਲੇ ਸਬੰਧੀ ਬਣਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਘਰ ’ਚੋਂ ਨਕਦੀ ਚੋਰੀ, ਮੁਲਜ਼ਮ ਕਾਬੂ
ਪੰਚਕੂਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਨੇ ਇੱਕ ਘਰ ਵਿੱਚੋਂ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਸੋਨੂੰ ਵਾਸੀ ਰਾਜੀਵ ਕਲੋਨੀ ਸੈਕਟਰ 17 ਪੰਚਕੂਲਾ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਚੌਕੀ ਸੈਕਟਰ 16 ਵਿੱਚ ਸ਼ਿਕਾਇਤਕਰਤਾ ਪ੍ਰਵੀਨ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 18 ਮਾਰਚ ਦੀ ਰਾਤ ਨੂੰ ਇੱਕ ਲੜਕਾ ਘਰ ਵਿੱਚ ਦਾਖ਼ਲ ਹੋ ਕੇ ਬੈੱਡ ਕੋਲ ਰੱਖੇ ਪੰਜ ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਿਆ ਸੀ। ਪੁਲੀਸ ਚੌਕੀ ਸੈਕਟਰ 16 ਦੇ ਇੰਚਾਰਜ ਸੁਸ਼ੀਲ ਕੁਮਾਰ ਦੀ ਟੀਮ ਨੇ ਧਾਰਾ 379 ਤਹਿਤ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।