ਕਰਮਜੀਤ ਸਿੰਘ ਚਿੱਲਾ
ਬਨੂੜ, 29 ਸਤੰਬਰ
ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ਉੱਤੇ ਕਿਸਾਨਾਂ ਨੇ ਪਿੰਡ ਗੁਰਨਾਖੇੜੀ ਨੇੜੇ ਜਾਮ ਲਗਾ ਦਿੱਤਾ। ਸਾਢੇ ਪੰਜ ਘੰਟੇ ਦੇ ਕਰੀਬ ਲਗਾਏ ਜਾਮ ਮਗਰੋਂ ਹਰਕਤ ਵਿੱਚ ਆਏ ਪ੍ਰਸ਼ਾਸਨ ਨੇ ਪਿੰਡ ਗੁਰਨਾਖੇੜੀ, ਬਾਸਮਾਂ ਅਤੇ ਬਾਸਮਾਂ ਕਲੋਨੀ ਦੇ 400 ਏਕੜ ਦੇ ਕਰੀਬ ਰਕਬੇ ਵਿੱਚ ਭਰੇ ਤਿੰਨ ਤੋਂ ਚਾਰ ਫੁੱਟ ਦੇ ਕਰੀਬ ਪਾਣੀ ਦਾ ਨਿਕਾਸ ਕਰਨ ਲਈ ਕੌਮੀ ਮਾਰਗ ਦੇ ਨਾਲ ਨਾਲ ਆਰਜ਼ੀ ਡਰੇਨ ਦੀ ਪੁਟਾਈ ਆਰੰਭ ਕਰਵਾਈ। ਇਸ ਮਗਰੋਂ ਕਿਸਾਨਾਂ ਨੇ ਸੜਕ ਵਿਚਾਲਿਓਂ ਧਰਨਾ ਚੁੱਕਿਆ। ਉਥੇ ਹੀ ਜਾਮ ਕਾਰਨ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਇਸ ਖੇਤਰ ਦੇ ਲਾਜਿਸਟਿਕ ਪਾਰਕ ਵਿੱਚ ਬਣਾਏ ਜਾ ਰਹੇ ਗੁਦਾਮ ਮਾਲਕਾਂ ਵੱਲੋਂ ਮਿੱਟੀ ਪਾ ਕੇ ਭਰਤ ਪਾਈ ਗਈ ਹੈ, ਜਿਸ ਕਾਰਨ ਪਾਣੀ ਦਾ ਨਿਕਾਸ ਬੰਦ ਹੋ ਗਿਆ।
ਕਿਸਾਨ ਸਭਾ ਦੇ ਸੂਬਾਈ ਆਗੂ ਧਰਮਪਾਲ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਚੜੂਨੀ ਗਰੁੱਪ ਦੇ ਸੂਬਾ ਸਕੱਤਰ ਮਨਜੀਤ ਸਿੰਘ ਘੁਮਾਣਾ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸਤਨਾਮ ਸਿੰਘ ਖਲੌਰ, ਰਾਜੇਵਾਲ ਗਰੁੱਪ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਆਦਿ ਕਿਸਾਨਾਂ ਦੀ ਹਮਾਇਤ ਵਿੱਚ ਆਪਣੇ ਸਮਰਥਕਾਂ ਸਮੇਤ ਪਹੁੰਚੇ।
ਕਿਸਾਨਾਂ ਨੇ ਇਸ ਮੌਕੇ ਚਿਤਾਵਨੀ ਦਿੱਤੀ ਕਿ ਜੇਕਰ ਪਾਣੀ ਦੀ ਪੂਰੀ ਨਿਕਾਸੀ ਯਕੀਨੀ ਨਾ ਬਣਾਈ ਗਈ ਤੇ ਇਸ ਮਾਮਲੇ ਦਾ ਪੱਕਾ ਹੱਲ ਨਾ ਕੱਢਿਆ ਗਿਆ ਤਾਂ ਉਹ ਦੁਬਾਰਾ ਅਣਮਿੱਥੇ ਸਮੇਂ ਲਈ ਕੌਮੀ ਮਾਰਗ ਉੱਤੇ ਧਰਨਾ ਆਰੰਭ ਕਰ ਦੇਣਗੇ।