ਕਰਮਜੀਤ ਸਿੰਘ ਚਿੱਲਾ
ਬਨੂੜ, 3 ਜੁਲਾਈ
ਸ਼ਹਿਰ ਦੀ ਗੁਰੂ ਨਾਨਕ ਕਲੋਨੀ ਦੇ ਪਿਛਲੇ ਵਰ੍ਹੇ ਹੜਾਂ ਦੇ ਪਾਣੀ ਦਾ ਖ਼ਮਿਆਜ਼ਾ ਭੁਗਤ ਚੁੱਕੇ ਵਸਨੀਕਾਂ ਵੱਲੋਂ ਪਾਣੀ ਦੇ ਨਿਕਾਸੀ ਰਸਤਿਆਂ ’ਤੇ ਦੁਬਾਰਾ ਹੋਏ ਕਬਜ਼ਿਆਂ ਦਾ ਮਾਮਲਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਏ ਜਾਣ ਮਗਰੋਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿੱਚ ਆ ਗਏ ਹਨ। ਇੱਥੋਂ ਦੇ ਨਾਇਬ ਤਹਿਸੀਲਦਾਰ ਅਕੁੰਸ਼ ਕੁਮਾਰ, ਕਾਰਜਸਾਧਕ ਅਫ਼ਸਰ ਵਰਿੰਦਰ ਜੈਨ ਤੇ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਆਦਿ ਨੇ ਅੱਜ ਗੁਰੂ ਨਾਨਕ ਕਲੋਨੀ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਪਾਣੀ ਦੀ ਨਿਕਾਸੀ ਵਾਲੀਆਂ ਥਾਵਾਂ ’ਤੇ ਹੋਏ ਕਬਜ਼ਿਆਂ ਦਾ ਨਿਰੀਖਣ ਕੀਤਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਜਲਦੀ ਹੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆ ਕੇ ਪਾਣੀ ਦੇ ਨਿਕਾਸੀ ਰਾਹਾਂ ’ਤੇ ਹੋਏ ਕਬਜ਼ੇ ਹਟਾਏ ਜਾਣਗੇ।
ਸ਼ਹਿਰ ਵਾਸੀ ਪ੍ਰੇਮ ਸਿੰਘ ਘੜਾਮਾਂ, ਗੁਰਦਰਸ਼ਨ ਸਿੰਘ ਖਾਸਪੁਰ, ਕਰਤਾਰ ਸਿੰਘ, ਦਵਿੰਦਰ ਸਿੰਘ, ਸ਼ਿਆਮ ਸਿੰਘ, ਸੁੱਚਾ ਸਿੰਘ, ਜਗੀਰ ਸਿੰਘ ਤੇ ਮੋਹਨ ਸਿੰਘ ਸੋਢੀ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਵਾਰਡ ਨੰਬਰ 9, 10, 11, 12 ਤੇ 13 ਦੇ ਕਈ ਘਰਾਂ ਵਿੱਚ ਪਾਣੀ ਵੜ ਗਿਆ ਸੀ ਅਤੇ ਵੱਡੀ ਪੱਧਰ ’ਤੇ ਲੋਕਾਂ ਦਾ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਦੋਂ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ਿਆਂ ਨੂੰ ਜੇਸੀਬੀ ਮਸ਼ੀਨਾਂ ਨਾਲ ਹਟਾ ਕੇ ਕਈ ਥਾਵਾਂ ਤੋਂ ਸੜਕਾਂ ਤੋੜ ਕੇ ਪਾਣੀ ਦੀ ਨਿਕਾਸੀ ਕਰਵਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਿਕਾਸੀ ਥਾਵਾਂ ’ਤੇ ਮੁੜ ਕਬਜ਼ੇ ਹੋ ਗਏ ਹਨ ਅਤੇ ਨਗਰ ਕੌਂਸਲ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਹ ਅੱਜ ਉਕਤ ਮਾਮਲੇ ਸਬੰਧੀ ਮੁਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਮਿਲੇ ਸਨ, ਜਿਨ੍ਹਾਂ ਏਡੀਸੀ ਮੁਹਾਲੀ ਨੂੰ ਤੁਰੰਤ ਰਿਪੋਰਟ ਕਰਨ ਦੇ ਹੁਕਮ ਦਿੱਤੇ ਸਨ। ਡੀਸੀ ਦੀਆਂ ਹਦਾਇਤਾਂ ’ਤੇ ਉਕਤ ਅਧਿਕਾਰੀਆਂ ਨੇ ਮੌਕਾ ਦੇਖਿਆ ਹੈ। ਟੀਮ ਨੇ ਥਾਣਾ ਰੋਡ ਅਤੇ ਮਾਰਕਫੈੱਡ ਗੁਦਾਮਾਂ ਨੇੜੇ ਸੜਕ ’ਤੇ ਬੰਦ ਕੀਤੀ ਪੁਲੀ ਦਾ ਨਿਰੀਖਣ ਕੀਤਾ। ਸ਼ਹਿਰ ਵਾਸੀਆਂ ਨੇ ਇੱਕ ਪ੍ਰਾਈਵੇਟ ਕਲੋਨੀਨਾਈਜ਼ਰ ਵੱਲੋਂ ਬੰਦ ਕੀਤੀ ਚੋਈ ਵੀ ਦਿਖਾਈ, ਜਿਸ ਰਾਹੀਂ ਸਮੁੱਚੇ ਸ਼ਹਿਰ ਦੇ ਪਾਣੀ ਦਾ ਨਿਕਾਸ ਹੁੰਦਾ ਹੈ। ਕਲੋਨੀ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਪ੍ਰਸ਼ਾਸਨ ਤੋਂ ਬੰਦ ਕੀਤੇ ਨਿਕਾਸੀ ਨਾਲੇ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਨਾਇਬ ਤਹਿਸੀਲਦਾਰ ਅੰਕੁਸ਼ ਕੁਮਾਰ ਅਤੇ ਕਾਰਜਸਾਧਕ ਅਫ਼ਸਰ ਵਰਿੰਦਰ ਜੈਨ ਨੇ ਇਸ ਮੌਕੇ ਦੱਸਿਆ ਕਿ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗਾ ਅਤੇ ਛੇਤੀ ਹੀ ਨਿਕਾਸੀ ਰਾਹ ਖੁੱਲ੍ਹਵਾਏ ਜਾਣਗੇ।
ਡੀਸੀ ਨੇ ਪਾਣੀ ਦੇ ਕੁਦਰਤੀ ਵਹਾਅ ਵਾਲੀ ਚੋਈ ਵਿੱਚ ਪਾਏ ਪਾਈਪ ਪੁਟਵਾਏ
ਬਨੂੜ (ਪੱਤਰ ਪ੍ਰੇਰਕ): ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਬਨੂੜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਬਾਜ਼ਾਰ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਬਰਸਾਤੀ ਪਾਣੀ ਦੇ ਰਸਤਿਆਂ ’ਤੇ ਹੋਏ ਨਾਜਾਇਜ਼ ਕਬਜ਼ੇ ਦੇਖੇ। ਉਨ੍ਹਾਂ ਬਨੂੜ-ਰਾਜਪੁਰਾ ਮਾਰਗ ਉੱਤੇ ਇਸ ਖੇਤਰ ਦੇ ਨਿਕਾਸੀ ਪਾਣੀ ਵਾਲੀ ਚੋਈ ਉੱਤੇ ਇੱਕ ਉਸਾਰੀ ਅਧੀਨ ਕਲੋਨੀ ਵਿੱਚ ਕਲੋਨਾਈਜ਼ਰ ਵੱਲੋਂ ਪਾਈਪ ਪਾ ਕੇ ਚੋਈ ਬੰਦ ਕਰਨ ਦਾ ਮੌਕਾ ਦੇਖਿਆ ਤੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੌਕੇ ’ਤੇ ਹੀ ਚੋਈ ਦੀ ਜੇਸੀਬੀ ਨਾਲ ਪੁਟਾਈ ਸ਼ੁਰੂ ਕਰਾਈ ਅਤੇ ਸਾਰੇ ਪਾਈਪ ਪੁੱਟਣ ਦਾ ਆਦੇਸ਼ ਦਿੱਤਾ। ਉਨ੍ਹਾਂ ਲਾਂਡਰਾਂ-ਬਨੂੜ ਸੜਕ ’ਤੇ ਪਿੰਡ ਮੋਟੇਮਾਜਰਾ ਕੋਲ ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਬਣਾਈ ਜਾ ਰਹੀ ਪੁਲੀ ਦੇ ਚੱਲ ਰਹੇ ਕੰਮ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਲੱਗਦੇ ਅੜਿੱਕੇ ਨਾਲ ਪੈਦਾ ਹੁੰਦੀ ਮੁਸ਼ਕਲ ਦਾ ਜਾਇਜ਼ਾ ਲਿਆ।