ਹਰਜੀਤ ਸਿੰਘ
ਜ਼ੀਰਕਪੁਰ, 13 ਅਪਰੈਲ
ਪ੍ਰਸ਼ਾਸਨ ਵੱਲੋਂ ਕਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਢਕੋਲੀ ਖੇਤਰ ਨੂੰ ਦਸ ਦਿਨਾਂ ਲਈ ਮਿਨੀ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਪੁਲੀਸ ਵੱਲੋਂ ਢਕੋਲੀ ਅਤੇ ਪੀਰਮੁਛੱਲਾ ਖੇਤਰ ਨੂੰ ਚਾਰੇ ਪਾਸੇ ਤੋਂ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਨਾ ਤਾਂ ਕਿਸੇ ਵਿਅਕਤੀ ਨੂੰ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਇਸ ਕਾਰਨ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।ਲੰਘੇ ਹਫ਼ਤੇ ਵਿੱਚ ਇਸ ਖੇਤਰ ਵਿੱਚ 400 ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ ਪੂਰੇ ਖੇਤਰ ਵਿੱਚ ਇਕ ਹਜ਼ਾਰ ਦੇ ਕਰੀਬ ਐਕਟਿਵ ਮਰੀਜ਼ ਹਨ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਇਸ ਖੇਤਰ ਨੂੰ ਮਿਨੀ ਕੰਟੇਨਮੈਂਟ ਜ਼ੋਨ ਐਲਾਨਦਿਆਂ ਇਸ ਖੇਤਰ ਵਿੱਚ ਪੰਚਕੂਲਾ ਸੈਕਟਰ 20 ਅਤੇ 21 ਵਾਲੇ ਪਾਸੇ ਤੋਂ ਦਾਖਲ ਹੋਣ ਵਾਲੇ ਪੁਆਇੰਟ ’ਤੇ, ਗਾਜ਼ੀਪੁਰ, ਕੇ ਏਰੀਆ ਲਾਈਟ ਪੁਆਇੰਟ ਵਾਲੇ ਪਾਸੇ ਪੁਲੀਸ ਨੇ ਨਾਕੇ ਲਾ ਕੇ ਸੀਲ ਕਰ ਦਿੱਤਾ ਹੈ। ਦੂਜੇ ਪਾਸੇ ਖੇਤਰ ਨੂੰ ਸੀਲ ਕਰਨ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ’ਤੇ ਆਉਣ ਜਾਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਪੁਲੀਸ ਵੱਲੋਂ ਲਾਏ ਨਾਕਿਆਂ ’ਤੇ ਜਦ ਢਕੋਲੀ ਖੇਤਰ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਤਾਦਾਤ ਵਧਦੀ ਦੇਖ ਸਿਹਤ ਵਿਭਾਗ ਵੱਲੋਂ ਮੌਕੇ ’ਤੇ ਹੀ ਕਰੋਨਾ ਟੈਸਟ ਕਰ ਕੇ ਲੋਕਾਂ ਨੂੰ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ। ਦੇਰ ਸ਼ਾਮ ਤੱਕ ਪੁਲੀਸ ਨਾਕਿਆਂ ’ਤੇ ਲੋਕ ਖੱਜਲ ਹੁੰਦੇ ਰਹੇ। ਮਾਮਲੇ ਦੀ ਗੰਭੀਰਤਾਂ ਨੂੰ ਦੇਖਦਿਆਂ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਇਸ ਸਬੰਧੀੇ ਢਕੋਲੀ ਹਸਪਤਾਲ ਦੀ ਐੱਸਐੱਮਓ ਡਾ. ਪੌਮੀ ਚਤਰਥ ਨੇ ਦੱਸਿਆ ਕਿ ਅੱਜ ਢਕੋਲੀ ਦੇ ਦਾਖਲਾ ਪੁਆਇੰਟਾਂ ’ਤੇ 79 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ।
ਢਕੋਲੀ ਹਸਪਤਾਲ ਦੀ ਐਸਐਮਓ ਕਰੋਨਾ ਪਾਜ਼ੇਟਿਵ
ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਐਸਐਮਓ ਪੋਮੀ ਚਤਰਥ ਸਮੇਤ ਚਾਰ ਸਟਾਫ ਮੈਂਬਰ ਵੀ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ। ਇਸ ਤੋਂ ਇਲਾਵਾ ਕਰੋਨਾ ਮਰੀਜ਼ ਦੇ ਸੰਪਰਕ ਵਿਚ ਆਏ ਇਕ ਵਿਅਕਤੀ ‘ਤੇ ਘਰ ਤੋਂ ਬਾਹਰ ਘੁੰਮਣ ਅਤੇ ਇਕਾਂਤਵਾਸ ਨਿਯਮ ਤੋੜਨ ਦੇ ਦੋਸ਼ ਹੇਠ ਢਕੋਲੀ ਪੁਲੀਸ ਨੇ ਕੇਸ ਦਰਜ ਕੀਤਾ ਹੈ।