ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 1 ਅਗਸਤ
ਇਥੋਂ ਦੀ ਵੀਆਈਪੀ ਰੋਡ ’ਤੇ ਲੰਘੇ ਦਿਨੀਂ ਸੜਕ ਵਿਚਕਾਰ ਪਏ ਡੂੰਘੇ ਟੋਏ ਵਿੱਚ ਡਿੱਗਣ ਮਗਰੋਂ ਕਰੰਟ ਲੱਗਣ ਨਾਲ ਮੋਟਰਸਾਈਕਲ ਨੌਜਵਾਨ ਦੀ ਮੌਤ ਤੋਂ ਬਾਅਦ ਵੀ ਪ੍ਰਸ਼ਾਸ਼ਨ ਆਪਣੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗਿਆ ਹੈ। ਧਰਨੇ ਦੌਰਾਨ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਛੇਤੀ ਖਸਤਾ ਹਾਲ ਸੜਕ ਦਾ ਕੰਮ ਚਾਲੂ ਕਰ ਦਿੱਤਾ ਜਾਏਗਾ ਪਰ ਅੱਜ ਵੀ ਕੌਂਸਲ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਚਾਲੂ ਨਹੀਂ ਕੀਤਾ ਗਿਆ। ਦੂਜੇ ਪਾਸੇ ਇਸ ਹਾਦਸੇ ਦਾ ਏਡੀਸੀ (ਵਿਕਾਸ) ਪੂਜਾ ਸਿਆਲ ਨੇ ਨੋਟਿਸ ਲੈਂਦਿਆਂ ਅੱਜ ਜ਼ੀਰਕਪੁਰ ਦਾ ਦੌਰਾ ਕਰਕੇ ਕੌਂਸਲ ਤੋਂ ਇਸ ਮਾਮਲੇ ਵਿੱਚ ਤਿੰਨ ਦਿਨ ਵਿੱਚ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹਾਦਸਾ ਭਵਿੱਖ ਵਿੱਚ ਨਾ ਵਾਪਰੇ ਜਿਸ ਲਈ ਅਧਿਕਾਰੀਆਂ ਨੂੰ ਰੁਕੇ ਹੋਏ ਵਿਕਾਸ ਕੰਮ ਛੇਤੀ ਨੇਪੜੇ ਚਾੜ੍ਹਨ ਦੀ ਹਦਾਇਤ ਕੀਤੀ ਹੈ। ਰਜਿਸਟਰੀਆਂ ਵਿੱਚ ਕੌਂਸਲ ਤੋਂ ਐੱਨਓਸੀ ਹਾਸਲ ਕਰਨ ਵਿੱਚ ਆ ਰਹੀ ਦਿੱਕਤ ਸਬੰਧੀ ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਸਿੱਧਾ ਉਨ੍ਹਾਂ ਨੂੰ ਮਿਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਣਅਧਿਕਾਰਤ ਕਲੋਨੀਆਂ ਨੂੰ ਰੋਕਣ ਲਈ ਇਹ ਯੋਜਨਾ ਤਿਆਰ ਕੀਤੀ ਹੈ ਨਾ ਕਿ ਕਿਸੇ ਨੂੰ ਪ੍ਰੇਸ਼ਾਨ ਕਰਨ ਲਈ। ਉਨ੍ਹਾਂ ਨੇ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਕਿਸੇ ਵੀ ਆਮ ਵਿਅਕਤੀ ਨੂੰ ਪ੍ਰੇਸ਼ਾਨ ਨਾ ਕਰਨ। ਉਨ੍ਹਾਂ ਨੇ ਛੇਤੀ ਵੀਆਈਪੀ ਸਣੇ ਹੋਰ ਖਸਤਾ ਹਾਲ ਸੜਕਾਂ ਦੀ ਮੁਰੰਮਤ ਕਰਨ ਦੀ ਹਦਾਇਤ ਦਿੱਤੀ।