ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 14 ਜੁਲਾਈ
ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੁਹਾਲੀ ਦੇ ਫੇਜ਼-5 ਵਿੱਚ ਸਥਿਤ ਮੈਸਰਜ਼ ਗੋਵਿਜਾ ਐਜੂਕੇਸ਼ਨਲ ਕੰਸਲਟੈਂਸੀ ਦਾ ਕੰਸਲਟੈਂਸੀ ਤੇ ਟਰੈਵਲ ਏਜੰਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਤੋਂ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੋਵਿਜਾ ਐਜੂਕੇਸ਼ਨਲ ਕੰਸਲਟੈਂਨਟ, ਫਰਮ ਨੂੰ ਕੰਸਲਟੈਂਸੀ ਅਤੇ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 11 ਮਾਰਚ 2024 ਤੱਕ ਹੈ ਪਰ ਫਰਮ ਵਿਰੁੱਧ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਡਿਪਟੀ ਕਮਿਸ਼ਨ ਦਫ਼ਤਰ ਵੱਲੋਂ ਫਰਮ ਦੇ ਦਫ਼ਤਰੀ ਪਤੇ ’ਤੇ ਪੱਤਰ ਭੇਜਦੇ ਹੋਏ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਬਾਰੇ ਜਾਣਕਾਰੀ, ਉਨ੍ਹਾਂ ਕੋੋਲੋਂ ਵਸੂਲੀ ਗਈ ਫੀਸ ਬਾਰੇ ਜਾਣਕਾਰੀ ਅਤੇ ਆਪਣੀ ਸੇਵਾ ਬਾਰੇ ਵੇਰਵਾ ਰਿਪੋਰਟ ਤਲਬ ਕੀਤੀ ਗਈ ਸੀ। ਉਕਤ ਫਰਮ ਵਿਰੁੱਧ ਲਗਾਤਾਰ ਮਿਲੀਆਂ ਸ਼ਿਕਾਇਤਾਂ ਅਤੇ ਫਰਮ ਵੱਲੋਂ ਪੇਸ਼ ਮਹੀਨਾਵਾਰ ਰਿਪੋਰਟਾਂ ’ਚ ਇਹ ਪਾਇਆ ਗਿਆ ਹੈ ਕਿ ਸ਼ਿਕਾਇਤਾਂ ਵਿਚਲੇ ਤੱਥ ਅਤੇ ਮਹੀਨਾਵਾਰ ਕਲਾਇੰਟ ਰਿਪੋਰਟਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਹਨ। ਇਸ ਤੋਂ ਇਲਾਵਾ ਫਰਮ ਵਿਰੁੱਧ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ।