ਮੁਕੇਸ਼ ਕੁਮਾਰ
ਚੰਡੀਗੜ੍ਹ, 4 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵਲੋਂ ‘ਸਵੱਛ ਸਰਵੇਖਣ-2021’ ਸਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ‘ਸਵੱਛ ਵਾਰਡ’ ਮੁਕਾਬਲੇ ਕਰਵਾਏ ਜਾ ਰਹੇ ਹਨ। ਨਿਗਮ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਇੱਕ ‘ਸਵੱਛ ਸਵਾਰੀ’ ਵਾਹਨ ਚਲਾਇਆ ਜਾ ਰਿਹਾ ਹੈ। ਇਸ ਜਾਗਰੂਕਤਾ ਮੁਹਿੰਮ ਤੇ ਮੁਕਾਬਲਿਆਂ ਬਾਰੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਦੇਸ਼ ਭਰ ਵਿੱਚ ਸ਼ਹਿਰਾਂ ਦੀ ਸਫ਼ਾਈ ਵਿਵਸਥਾ ਸਬੰਧੀ ਅਗਲੇ ਸਾਲ ਸਵੱਛ ਸਰਵੇਖਣ-2021 ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਨੇ ‘ਸਵੱਛ ਸਵਾਰੀ’ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਇਥੋਂ ਦੇ ਨਾਗਰਿਕ ਆਪਣੇ ਪੁਰਾਣੇ ਕੱਪੜੇ, ਜੁੱਤੇ, ਸਟੇਸ਼ਨਰੀ ਤੇ ਕਿਤਾਬਾਂ ਆਦਿ ਇਸ ਵਾਹਨ ਵਿੱਚ ਦੇ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ‘ਸਵੱਛ ਸਵਾਰੀ’ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਜਾਵੇਗੀ। ਸ੍ਰੀ ਯਾਦਵ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਇੱਕ ‘ਸਵੱਛ ਵਾਰਡ’ ਮੁਕਾਬਲਾ ਵੀ ਅੱਜ ਸ਼ੁਰੂ ਕੀਤਾ ਗਿਆ ਹੈ। ਸਵੱਛ ਭਾਰਤ ਯੋਜਨਾਂ ਅਨੁਸਾਰ ਸ਼ਹਿਰ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖਰਾ ਕਰਨਾ ਲਾਜ਼ਮੀ ਬਣਾਉਣ ਲਈ ਤਿਆਰੀ ਕਰ ਲਈ ਗਈ ਹੈ। ਸਰੋਤ ਪੱਧਰ ’ਤੇ ਹੀ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਨਾ ਕਰਨ ਵਾਲਿਆਂ ਨੂੰ 200 ਰੁਪਏ ਤੋਂ 20 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਭੁਗਤਣਾਂ ਪੈ ਸਕਦਾ ਹੈ। ਡੋਰ-ਟੂ-ਡੋਬ ਕੂੜਾ ਚੁੱਕਣ ਵਾਲਿਆਂ ’ਤੇ ਵੀ ਇਨ ਨਿਯਮ ਲਾਗੂ ਹੋਣਗੇ। ਨਿਗਮ ਦੇ ਸਿਹਤ ਅਧਿਕਾਰੀ ਡਾ. ਅੰਮ੍ਰਿਤ ਵੜਿੰਗ ਨੇ ਦੱਸਿਆ ਕਿ ਇਸ ਯੋਜਨਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਟੀਮਾਂ ਬਣਾਈਆਂ ਜਾਣਗੀਆਂ ਤੇ ਕੂੜੇ ਨੂੰ ਸਰੋਤ ਪੱਧਰ ਤੋਂ ਹੀ ਵੱਖਰਾ ਕਰਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੋਂ ਇਹ ਕਾਰਵਾਈ ਸ਼ੁਰੂ ਕੀਤੀ ਜਾਵੇਗੀ।