ਮਿਹਰ ਸਿੰਘ/ਚਰਨਜੀਤ ਚੰਨੀ
ਕੁਰਾਲੀ/ਮੁੱਲਾਂਪੁਰ ਗਰੀਬਦਾਸ, 20 ਜੂਨ
ਪੜਛ ਡੈਮ ਵਿੱਚ ਪਾਣੀ ਸੁੱਕਣ ਕਾਰਨ ਜੰਗਲੀ ਜੀਵਾਂ ਦੇ ਪਿਆਸੇ ਮਰਨ ਦੀਆਂ ਖ਼ਬਰਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਆਖਰ ਹਰਕਤ ਵਿੱਚ ਆਇਆ ਹੈ। ਸੋਕੇ ਕਾਰਨ ਪੈਦਾ ਹੋਈ ਇਸ ਸਮੱਸਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਏਡੀਸੀ (ਵਿਕਾਸ) ਸੋਨਮ ਚੌਧਰੀ ਦੀ ਅਗਵਾਈ ਵਾਲੀ ਟੀਮ ਨੇ ਦੌਰਾ ਕੀਤਾ।
ਗਰਮੀ ਦੇ ਮੌਸਮ ਵਿੱਚ ਲੱਗੀ ਔੜ ਕਾਰਨ ਪੜਛ ਅਤੇ ਮਿਰਜ਼ਾਪੁਰ ਡੈਮ ਵਿੱਚ ਪਾਣੀ ਸੁੱਕਣ ਅਤੇ ਜੰਗਲੀ ਜੀਵਾਂ ਦੀਆਂ ਪਿਆਸ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪ੍ਰਭ ਆਸਰਾ ਪਡਿਆਲਾ ਤੇ ਲੋਕ ਹਿੱਤ ਮਿਸ਼ਨ ਤੋਂ ਇਲਾਵਾ ਨੌਜਵਾਨਾਂ ਨੇ ਟੈਂਕਰਾਂ ਰਾਹੀਂ ਡੈਮ ਵਿੱਚ ਪਾਣੀ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਸਮਾਜ ਸੇਵੀ ਸੰਸਥਾਵਾਂ ਦੀ ਪਹਿਲ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਪੈੜ ਨੱਪਦਿਆਂ ਟੈਂਕਰਾਂ ਰਾਹੀਂ ਪਾਣੀ ਡੈਮ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਨੇ ਵੱਖ-ਵੱਖ ਵਿਭਾਗਾਂ ਨੂੰ ਆਦੇਸ਼ ਜਾਰੀ ਕਰਕੇ ਪੜਛ ਡੈਮ ਵਿੱਚ ਪਾਣੀ ਦੀ ਲੋੜ ਨੂੰ ਪੂਰਾ ਕਰਨ ਅਤੇ ਟੈਂਕਰਾਂ ਦੀ ਨਿਰਵਿਘਨ ਸਪਲਾਈ ਦੇਣ ਦੀ ਹਦਾਇਤ ਕੀਤੀ ਹੈ। ਸ੍ਰੀਮਤੀ ਜੈਨ ਨੇ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਅਤਿ ਦੀ ਗਰਮੀ ਦੇ ਮੌਸਮ ਤੋਂ ਬਚਾਉਣ ਲਈ ਪਿੰਡ ਵਾਸੀਆਂ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ’ਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੌਨਸੂਨ ਦੇ ਆਉਣ ਤੱਕ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਹੋਰ ਟੈਂਕਰ ਲਗਾ ਕੇ ਉਨ੍ਹਾਂ ਦੇ ਉਪਰਾਲੇ ਵਿੱਚ ਸਾਥ ਦੇਵੇਗਾ।
ਇਸ ਦੌਰਾਨ ਉਨ੍ਹਾਂ ਅੱਗੇ ਦੱਸਿਆ ਕਿ ਏਡੀਸੀ ਸੋਨਮ ਚੌਧਰੀ ਵਲੋਂ ਵੀ ਡੈਮ ਦਾ ਦੌਰਾ ਕਰਦਿਆਂ ਜੰਗਲੀ ਜੀਵਾਂ ਨੂੰ ਬਚਾਉਣ ਲਈ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਵੀ ਪੜਛ ਡੈਮ ਦਾ ਦੌਰਾ ਕੀਤਾ। ਇਸ ਮੌਕੇ ਸ੍ਰੀ ਕੰਗ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ।
ਸ੍ਰੀ ਕੰਗ ਨੇ ਸੋਕੇ ਕਾਰਨ ਪੈਦਾ ਹੋਈ ਸਮੱਸਿਆ ਦੇ ਹੱਲ ਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਮੌਕੇ ‘ਤੇ ਹੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।