ਪੱਤਰ ਪ੍ਰੇਰਕ
ਬਨੂੜ, 25 ਮਈ
ਸ਼੍ਰੋਮਣੀ ਅਕਾਲੀ ਦਲ ਦਾ ਬਨੂੜ ਸਰਕਲ ਦੋ ਫ਼ਾੜ ਹੋ ਗਿਆ ਹੈ। ਪਾਰਟੀ ਦੇ ਸੀਨਅਰ ਆਗੂਆਂ ਵੱਲੋਂ ਕੱਲ ਬਨੂੜ ਸਰਕਲ ਦੇ ਜਥੇਬੰਦਕ ਢਾਂਚੇ ਦੇ ਐਲਾਨ ਮਗਰੋਂ ਅੱਜ ਇੱਕ ਗਰੁੱਪ ਵੱਲੋਂ ਬਰਾਬਰ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਧੜੇ ਆਪਣੇ ਆਪ ਨੂੰ ਹਾਈਕਮਾਨ ਦੀ ਸਹਿਮਤੀ ਮਿਲਣ ਦੇ ਦਾਅਵੇ ਜਤਾ ਰਹੇ ਹਨ। ਅਕਾਲੀ ਦਲ ਦੇ ਬੀਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਜਤਿੰਦਰ ਸਿੰਘ ਰੋਮੀ, ਜਸਵੰਤ ਸਿੰਘ ਹੁਲਕਾ, ਅਮਰਜੀਤ ਸਿੰਘ ਮਾਣਕਪੁਰ ਅਤੇ ਮੇਜਰ ਸਿੰਘ ਖਾਨਪੁਰ ਵੱਲੋਂ ਬਰਾਬਰ ਐਲਾਨੇ ਗਏ ਜਥੇਬੰਦਕ ਢਾਂਚੇ ਅਨੁਸਾਰ ਜਸਵੰਤ ਸਿੰਘ ਹੁਲਕਾ ਨੂੰ ਬਨੂੜ ਸਰਕਲ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਹੈ। ਅਮਰਜੀਤ ਸਿੰਘ ਨੂੰ ਮਾਣਕਪੁਰ ਸਰਕਲ ਦੀ ਵਾਗਡੋਰ ਸੌਂਪੀ ਗਈ ਹੈ। ਬੀਸੀ ਵਿੰਗ ਦੇ ਦੋ ਜ਼ੋਨ ਬਣਾ ਕੇ ਇੱਕ ਨੰਬਰ ਜ਼ੋਨ ਦਾ ਪ੍ਰਧਾਨ ਅਵਤਾਰ ਸਿੰਘ ਧਰਮਗੜ੍ਹ ਅਤੇ ਦੋ ਨੰਬਰ ਜ਼ੋਨ ਦਾ ਪ੍ਰਧਾਨ ਗੁਰਚਰਨ ਸਿੰਘ ਅਬਰਾਵਾਂ ਨੂੰ ਨਿਯੁਕਤ ਕੀਤਾ ਗਿਆ ਹੈ। ਐੱਸਸੀ ਵਿੰਗ ਇੱਕ ਨੰਬਰ ਜ਼ੋਨ ਦਾ ਪ੍ਰਧਾਨ ਗੁਰਪਾਲ ਸਿੰਘ, ਦੋ ਨੰਬਰ ਜ਼ੋਨ ਦਾ ਪ੍ਰਧਾਨ ਜੋਨੀ ਅਬਰਾਵਾਂ, ਤਿੰਨ ਨੰਬਰ ਜ਼ੋਨ ਦਾ ਪ੍ਰਧਾਨ ਭਰਪੂਰ ਸਿੰਘ ਉੱਚਾ ਖੇੜਾ ਨੂੰ ਬਣਾਇਆ ਹੈ। ਗੁਰਸੇਵਕ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਮੇਜਰ ਸਿੰਘ ਖਾਨਪੁਰ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਤੇ ਪਰਮਜੀਤ ਸਿੰਘ ਰਾਮਪੁਰ ਨੂੰ ਮੁੱਖ ਬੁਲਾਰੇ ਤੋਂ ਇਲਾਵਾ ਅੱਧੀ ਦਰਜਨ ਆਗੂਆਂ ਨੂੰ ਜ਼ਿਲ੍ਹਾ ਜਥੇਬੰਦੀ ਲਈ ਅਤੇ ਇਕਵੰਜ਼ਾ ਮੈਂਬਰੀ ਕਾਰਜਕਾਰਨੀ ਦਾ ਵੀ ਐਲਾਨ ਕੀਤਾ ਹੈ।