ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਨਵੰਬਰ
ਸੈਕਟਰ 29 ਵਿੱਚ ਦੇਰ ਰਾਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਲਾਏ ਨਾਕੇ ਦੌਰਾਨ ਇੱਕ ਲੁਟੇਰਾ ਗੋਲੀ ਚਲਾ ਕੇ ਫ਼ਰਾਰ ਹੋ ਗਏ ਹਨ। ਇਸ ਦੌਰਾਨ ਥਾਣਾ ਇੰਡਸਟਰੀਅਲ ਏਰੀਆ ਵਿੱਚ ਤਾਇਨਾਤ ਹੋਮਗਾਰਡ ਦਾ ਜਵਾਨ ਪ੍ਰਕਾਸ਼ ਨੇਗੀ ਜ਼ਖਮੀ ਹੋ ਗਿਆ ਜਿਸਨੂੰ ਸੈਕਟਰ 32 ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਹਸਪਤਾਲ ਪਹੁੰਚ ਕੇ ਪੀੜਤ ਹੋਮਗਾਰਡ ਜਵਾਨ ਦਾ ਹਾਲ ਪੁੱਛਿਆ। ਜਾਣਕਾਰੀ ਅਨੁਸਾਰ ਇੰਡਸਟਰੀਅਲ ਏਰੀਆ ਅਧੀਨ ਪੈਂਦੇ ਇਲਾਕੇ ਵਿੱਚ ਦੋ ਦਿਨ ਪਹਿਲਾਂ ਬੰਦੂਕ ਦਿਖਾ ਕੇ ਇੱਕ ਔਰਤ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਤਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਨਾਕਾਬੰਦੀ ਕੀਤੀ ਸੀ ਜਿਸ ਦੌਰਾਨ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ ਜੋ ਪੁਲੀਸ ’ਤੇ ਗੋਲੀ ਚਲਾ ਕੇ ਫ਼ਰਾਰ ਹੋ ਗਿਆ। ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਵਾਨ ਦੇ ਪੇਟ ਵਿੱਚ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਮੁਲਜ਼ਮ ਦੀ ਭਾਲ ਵਿੱਚ ਲੱਗੀਆਂ ਹਨ ਤੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਹੈ।