ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜਨਵਰੀ
ਟ੍ਰਿਬਿਊਨ ਚੌਕ ਵਿੱਚ ਲੱਗਣ ਵਾਲੇ ਜਾਮ ਦੀ ਸਮੱਸਿਆ ਦਾ ਹੱਲ ਕੱਢਣ ਲਈ ਹੱਲੋਮਾਜਰਾ ਚੌਕ ਵਿੱਚ ਸਥਿਤ ਪੋਲਟਰੀ ਫਾਰਮ ਤੋਂ ਸੀਟੀਯੂ ਵਰਕਸ਼ਾਪ ਇੰਡਸਟਰੀਅਲ ਏਰੀਆ ਫੇਜ਼ 1 ਵੱਲ ਜਾਂਦੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਜਿਸ ਲਈ ਯੂਟੀ ਪ੍ਰਸ਼ਾਸਨ ਵੱਲੋਂ 39 ਦਰੱਖਤਾਂ ’ਤੇ ਕੁਹਾੜਾ ਚਲਾਈ ਜਾਵੇਗੀ। ਇਸ ਸੜਕ ਨਾਲ ਮੱਧਿਆ ਮਾਰਗ ਰਾਹੀਂ ਪੀਜੀਆਈ, ਪੰਜਾਬ ਸਕੱਤਰੇਤ, ਹਰਿਆਣਾ ਸਕੱਤਰੇਤ ਸਣੇ ਸ਼ਹਿਰ ਵਿੱਚ ਜਾਣ ਵਾਲੇ ਲੋਕਾਂ ਨੂੰ ਟ੍ਰਿਬਿਊਨ ਚੌਕ ਦੀ ਭੀੜ ਤੋਂ ਰਾਹਤ ਮਿਲ ਸਕੇਗੀ। ਦੂਜੇ ਪਾਸੇ ਪੰਚਕੂਲਾ ਜਾਣ ਵਾਲੇ ਲੋਕਾਂ ਨੂੰ ਵੀ ਲਾਭ ਮਿਲ ਸਕੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਟੀ ਪ੍ਰਸ਼ਾਸਨ ਇਨ੍ਹਾਂ ਦਰੱਖਤਾਂ ਬਦਲੇ 5 ਗੁਣਾਂ ਵੱਧ ਪੌਦੇ ਲਾਵੇਗਾ।
ਇਨਵਾਇਰਨਮੈਂਟ ਸੁਸਾਇਟੀ ਆਫ਼ ਚੰਡੀਗੜ੍ਹ ਦੇ ਸਕੱਤਰ ਰੋਹਨ ਸਿੰਘ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਿਕਾਸ ਦੇ ਨਾਂ ’ਤੇ ਹਰਿਆਲੀ ਨੂੰ ਖ਼ਤਮ ਕਰਨਾ ਗਲਤ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਕੋਈ ਦਰੱਖਤ ਕੱਟਿਆ ਜਾਂਦਾ ਹੈ ਤਾਂ ਉਸ ਦੇ ਬਦਲੇ 10 ਪੌਦੇ ਲਾਏ ਜਾਣ ਜਾਂ ਕੋਈ ਹੋਰ ਹੱਲ ਕੱਢਿਆ ਜਾਵੇ।