ਹਰਜੀਤ ਸਿੰਘ
ਜ਼ੀਰਕਪੁਰ, 28 ਅਕਤੂਬਰ
ਬਲਟਾਣਾ ਦੀ ਆਨੰਦ ਵਿਹਾਰ ਕਲੋਨੀ ਵਿੱਚ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੀ ਲਪੇਟ ਵਿੱਚ ਆਊਣ ਕਾਰਨ ਸੱਤ ਸਾਲਾਂ ਦੀ ਬੱਚੀ ਝੁਲਸ ਗਈ ਹੈ। ਊਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਤੇ ਊਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੀ ਦੇ ਪਿਤਾ ਮੁਹੰਮਦ ਅਲੀ ਨੇ ਦੱਸਿਆ ਕਿ ਆਨੰਦ ਵਿਹਾਰ ਵਿੱਚੋਂ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਲੰਘਦੀਆਂ ਹਨ। ਉਸ ਦੀ ਬੱਚੀ ਮਕਾਨ ਨੰਬਰ 46 ਦੀ ਪਹਿਲੀ ਮੰਜ਼ਿਲ ਵਿੱਚ ਘਰ ਦੀ ਬਾਲਕੌਨੀ ਵਿੱਚ ਹੋਰਨਾਂ ਬੱਚਿਆਂ ਨਾਲ ਖੇਡ ਰਹੀ ਸੀ। ਉਸ ਦੇ ਹੱਥ ਵਿੱਚ ਐਲੂਮੀਨੀਅਮ ਦੀ ਫੱਟੀ ਫੜੀ ਹੋਈ ਸੀ ਜੋ ਕਿ ਤਾਰਾਂ ਦੇ ਸੰਪਰਕ ਵਿੱਚ ਆ ਗਈ ਤੇ ਬੱਚੀ ਨੂੰ ਕਰੰਟ ਲੱਗ ਗਿਆ। ਇਸੇ ਦੌਰਾਨ ਹੋਰ ਬੱਚੇ ਵਾਲ-ਵਾਲ ਬਚ ਗਏ।
ਘਟਨਾ ਕਾਰਨ ਕਲੋਨੀ ਵਾਸੀਆ ਵਿੱਚ ਰੋਸ ਪਾਇਆ ਜਾ ਰਿਹਾ ਹੈ। ਊਨ੍ਹਾਂ ਦੱਸਿਆ ਕਿ ਬਲਟਾਣਾ ਦੀਆਂ ਕਈ ਕਲੋਨੀਆਂ ਵਿੱਚ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਕਾਫੀ ਨੀਵੀਆਂ ਹਨ ਤੇ ਕਈ ਹਾਦਸੇ ਵਾਪਰ ਚੁੱਕੇ ਹਨ। ਊਨ੍ਹਾਂ ਕਿਹਾ ਕਿ ਪਾਵਰਕੌਮ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।