ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਦਸੰਬਰ
ਇੱਥੋਂ ਦੇ ਸੈਕਟਰ-70 ਸਥਿਤ ਪਿੰਡ ਮਟੌਰ ਦੀ ਮਾਰਕੀਟ ਨੇੜੇ ਝਾੜੀਆਂ ’ਚੋਂ ਐਤਵਾਰ ਨੂੰ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ। ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਸੂਚਨਾ ’ਤੇ ਮਟੌਰ ਥਾਣੇ ’ਚੋਂ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭਿਜਵਾਇਆ।
ਸ੍ਰੀ ਬੈਦਵਾਨ ਨੇ ਦੱਸਿਆ ਕਿ ਅੱਜ ਉਹ ਲੰਗਰ ਦੀ ਸੇਵਾ ਤੋਂ ਪਰਤ ਰਹੇ ਸਨ ਤਾਂ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੇ ਦੱਸਿਆ ਕਿ ਝਾੜੀਆਂ ’ਚੋਂ ਆਵਾਰਾ ਕੁੱਤੇ ਬੱਚੇ ਨੂੰ ਨੋਚ ਰਹੇ ਹਨ। ਬੱਚੀ ਨੂੰ ਮਿੱਟੀ ਵਿੱਚ ਦੱਬਿਆ ਹੋਇਆ ਸੀ ਪਰ ਆਵਾਰਾ ਕੁੱਤਿਆਂ ਨੇ ਉਸ ਨੂੰ ਮਿੱਟੀ ’ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਇਸ ਦੀ ਸੂਚਨਾ ਮਟੌਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ ਨੂੰ ਦਿੱਤੀ। ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਟੀਮ ਸਣੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੁਖੀ ਲਹਿਲ ਨੇ ਦੱਸਿਆ ਕਿ ਭਲਕੇ ਸੋਮਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਬੱਚੀ ਦਾ ਪੋਸਟਮਾਰਟਮ ਹੋਵੇਗਾ। ਇਸ ਸਬੰਧੀ ਪੁਲੀਸ ਨੇ ਸਬ-ਇੰਸਪੈਕਟਰ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਵ-ਜਨਮੀ ਬੱਚੀ ਦੀ ਸ਼ੱਕੀ ਹਾਲਤ ’ਚ ਮੌਤ
ਅੰਬਾਲਾ (ਰਤਨ ਸਿੰਘ ਢਿੱਲੋਂ): ਸਿਵਲ ਹਸਪਤਾਲ ਅੰਬਾਲਾ ਸ਼ਹਿਰ ਵਿਚ ਦੋ ਦਿਨਾਂ ਦੀ ਬੱਚੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਆਪਣੀ ਜਠਾਣੀ ਨਾਲ ਪਖਾਨਾ ਗਈ ਸੀ, ਵਾਪਸ ਆ ਕੇ ਦੇਖਿਆ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ। ਬੱਚੀ ਦੀ ਧੌਣ ਅਤੇ ਨੱਕ ਤੇ ਨਿਸ਼ਾਨ ਹੋਣ ਕਰ ਕੇ ਮਾਮਲਾ ਸ਼ੱਕੀ ਬਣ ਗਿਆ ਹੈ। ਬੱਚੀ ਦਾ ਪੋਸਟਮਾਰਟਮ ਕਰਾਇਆ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਸਬ-ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।