ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 21 ਜਨਵਰੀ
ਇੱਥੋਂ ਦੇ ਪਿੰਡ ਕਿਸ਼ਨਗੜ੍ਹ ਵਿੱਚ ਪੈਂਦੇ ਇਕ ਮੈਦਾਨ ’ਚ ਅੱਜ ਤੜਕੇ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਮੈਦਾਨ ਵਿੱਚ ਲਾਵਾਰਿਸ ਨਵਜੰਮਿਆ ਬੱਚਾ ਪਿਆ ਹੋਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਬੱਚੇ ਨੂੰ ਉਠਾ ਕੇ ਮਨੀਮਾਜਰਾ ਦੇ ਸਿਵਲ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਜ ਸਵੇਰੇ ਪੁਲੀਸ ਨੂੰ ਸੂਚਨਾ ਮਿਲੀ ਕਿ ਇੱਥੇ ਕਿਸ਼ਨਗੜ੍ਹ ਦੀ ਧਰਮਸ਼ਾਲਾ ਨੇੜੇ ਕੋਈ ਵਿਅਕਤੀ ਇਕ ਲਾਲ ਕੱਪੜੇ ਵਿਚ ਲਪੇਟ ਕੇ ਨਵਜੰਮਿਆ ਬੱਚਾ ਸੁੱਟ ਗਿਆ ਹੈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲੀਸ ਪਾਰਟੀ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਨਵਜੰਮੇ ਬੱਚੇ ਦੀ ਮੌਤ ਠੰਢ ਕਾਰਨ ਹੋਈ ਹੈ। ਬੱਚੇ ਨੂੰ ਇੱਥੇ ਸੁੱਟਣ ਵਾਲੇ ਦੀ ਘੋਖ ਪੜਤਾਲ ਕਰਨ ਲਈ ਪੁਲੀਸ ਨੇ ਕਿਸ਼ਨਗੜ੍ਹ ਦੀ ਧਰਮਸ਼ਾਲਾ ਦੇ ਆਸਪਾਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।