ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 11 ਨਵੰਬਰ
ਇੱਥੋਂ ਦੇ ਛੱਤ ਹਵਾਈ ਅੱਡੇ ਦੀ ਟਰੈਫਿਕ ਲਾਈਟਾਂ ਨੇੜੇ ਪੈਂਦੇ ਐਰੋ ਸਿਟੀ ਦੇ ਜੇ ਬਲਾਕ ਵਿੱਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਹੱਥ ਅਤੇ ਪੈਰ ਬੰਨ੍ਹੇ ਹੋਏ ਸਨ। ਉਸ ਦਾ ਮੋਟਰਸਾਈਕਲ ਵੀ ਕੁਝ ਦੂਰੀ ’ਤੇ ਖੜ੍ਹਾ ਮਿਲਿਆ ਹੈ। ਪੁਲੀਸ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕਰ ਲਾਸ਼ ਨੂੰ ਇੱਥੇ ਸੁੱਟਿਆ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਰਾਣਾ ਪ੍ਰਤਾਪ ਵਾਸੀ ਖੰਡੋਲੀ ਰਾਜਪੁਰਾ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਤਿੰਨ ਦਿਨਾਂ ਤੋਂ ਲਾਪਤਾ ਸੀ। ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਇਕ ਰਾਹਗੀਰ ਨੇ ਲਾਸ਼ ਨੂੰ ਦੇਖ ਕੇ ਮਾਮਲੇ ਦੀ ਜਾਣਕਾਰੀ ਪੁਲੀਸ ਨੂੂੰ ਦਿੱਤੀ। ਪੁਲੀਸ ਨੇ ਫੌਰੈਂਸਿਕ ਟੀਮ ਨੂੰ ਬੁਲਾ ਕੇ ਨਮੂਨੇ ਇਕੱਤਰ ਕਰਨ ਮਗਰੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।