ਪੱਤਰ ਪ੍ਰੇਰਕ
ਲਾਲੜੂ, 17 ਮਾਰਚ
ਰੇਲਵੇ ਸਟੇਸ਼ਨ ਦੱਪਰ ਤੇ ਲਾਲੜੂ ਵਿਚਕਾਰ ਝਰਮਲ ਨਦੀ (ਗੰਦਾ ਨਾਲਾ) ਦੇ ਨੇੜੇ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਰੇਲਵੇ ਪੁਲੀਸ ਚੌਕੀ ਲਾਲੜੂ ਦੇ ਇੰਚਾਰਜ ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਦੱਪਰ ਰੇਲਵੇ ਸਟੇਸ਼ਨ ਦੇ ਮਾਸਟਰ ਵੱਲੋਂ ਸੂਚਨਾ ਦਿੱਤੀ ਗਈ ਸੀ। ਮੌਕੇ ’ਤੇ ਜਾ ਕੇ ਵੇਖਿਆ ਕਿ ਮ੍ਰਿਤਕ ਦੇ ਸਿਰ ’ਤੇ ਡੂੰਘੀ ਸੱਟ ਵੱਜੀ ਹੋਈ ਸੀ। ਤਲਾਸ਼ੀ ਦੌਰਾਨ ਮ੍ਰਿਤਕ ਦੀ ਪੈਂਟ ਦੀ ਜੇਬ ’ਚੋਂ ਇੱਕ ਪਰਸ ਮਿਲਿਆ, ਜਿਸ ਵਿਚ ਸ਼ਕਤੀ ਦੇ ਨਾਂ ਦਾ ਇੱਕ ਪੈਨ ਕਾਰਡ ਹੈ। ਇਸ ਤੋਂ ਇਲਾਵਾ ਹੋਰ ਕੋਈ ਮੋਬਾਇਲ ਫੋਨ ਵਗੈਰਾ ਬਰਾਮਦ ਨਹੀਂ ਹੋਇਆ। ਮ੍ਰਿਤਕ ਦਾ ਰੰਗ ਸਾਵਲਾ ਤੇ ਕੱਦ 5 ਫੁੱਟ 6 ਇੰਚ ਹੈ। ਲਾਸ਼ ਦੀ ਪਛਾਣ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾ ਘਰ ਵਿੱਚ ਰਖਵਾਈ ਗਈ ਹੈ।