ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਇੱਥੋਂ ਦੇ ਥਾਣਾ ਮਲੋਆ ਤੋਂ ਕੁਝ ਦੂਰੀ ’ਤੇ ਇੱਕ ਦਰੱਖਤ ਨਾਲ ਇੱਕ ਨੌਜਵਾਨ ਦੀ ਲਾਸ਼ ਲਟਕਦੀ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਨੀਲ ਉਰਫ਼ ਬੋਨਾ ਵਾਸੀ ਮਲੋਆ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਸੈਕਟਰ 16 ਹਸਪਤਾਲ ’ਚ ਰਖਵਾ ਦਿੱਤੀ ਹੈ। ਮ੍ਰਿਤਕ ਦੇ ਦੋ ਬੱਚੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਇੱਕ ਵਿਅਕਤੀ ਦੀ ਲਾਸ਼ ਦਰੱਖਤ ’ਤੇ ਲਟਕ ਰਹੀ ਸੀ ਜਿਸ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਇਸ ਮਾਮਲੇ ਨੂੰ ਕਤਲ ਦੇ ਪੱਖ ਤੋਂ ਵੇਖਕੇ ਵੀ ਜਾਂਚ ਕਰ ਰਹੀ ਹੈ। ਥਾਣਾ ਮਲੋਆ ਦੀ ਪੁਲੀਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।