ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਫਰਵਰੀ
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਅੱਜ ਇਥੇ ਚੰਡੀਗੜ੍ਹ ਦੇ ਦਿਵਿਆਂਗ ਕ੍ਰਿਕਟਰਾਂ ਦੇ ਰੂਬਰੂ ਹੋਏ। ਉਨ੍ਹਾਂ ਦਿਵਿਆਂਗ ਕ੍ਰਿਕਟਰਾਂ ਨਾਲ ਦੋਸਤਾਨਾ ਮੈਚ ਵੀ ਖੇਡਿਆ। ਇਹ ਮੈਚ ਚੰਡੀਗੜ੍ਹ ਦੇ ਸੈਕਟਰ 45 ਸਥਿਤ ਸੇਂਟ ਸਟੀਫਨ ਸਕੂਲ ਵਿੱਚ ਖੇਡਿਆ ਗਿਆ। ਰੋਵੇਟ, ਜੋ ਸਮਾਵੇਸ਼ ਅਤੇ ਵੰਨ-ਸੁਵੰਨਤਾ ਨੂੰ ਹੱਲਾਸ਼ੇਰੀ ਦੇਣ ਵਿਚ ਹਮੇਸ਼ਾ ਮੋਹਰੀ ਰਹੇ ਹਨ, ਨੇ ਐਕਸ ’ਤੇ ਇਕ ਟਵੀਟ ਵਿੱਚ ਟੀਮ ਦੇ ਅਟੁੱਟ ਜਜ਼ਬੇ ਅਤੇ ਖੇਡ ਪ੍ਰਤੀ ਜਨੂੰਨ ਦੀ ਤਾਰੀਫ ਕੀਤੀ। ਟੀ-20 ਕੌਮਾਂਤਰੀ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਲਖਵਿੰਦਰ ਸਿੰਘ ਨੇ ਰੋਵੇਟ ਦੀ ਚੰਡੀਗੜ੍ਹ ਦੀ ਦਿਵਿਆਂਗ ਕ੍ਰਿਕਟ ਟੀਮ ਦੇ ਪ੍ਰਤਿਭਾਸ਼ਾਲੀ ਮੈਂਬਰਾਂ ਨਾਲ ਰਸਮੀ ਜਾਣ-ਪਛਾਣ ਕਰਵਾਈ। ਰੋਵੇਟ ਨੇ ਆਪਣੀ ਇਸ ਫੇਰੀ ਲਈ ਕ੍ਰਿਕਟ ਕੋਚ ਸੁਰਿੰਦਰ ‘ਬਾਈ ਜੀ’ ਅਤੇ ਸੇਂਟ ਸਟੀਫਨ ਸਕੂਲ, ਚੰਡੀਗੜ੍ਹ ਦੇ ਪ੍ਰਬੰਧਕੀ ਅਮਲੇ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਹ ਸੇਂਟ ਸਟੀਫਨ ਕ੍ਰਿਕਟ ਅਕੈਡਮੀ ਦੇ ਨੌਜਵਾਨ ਕ੍ਰਿਕਟਰਾਂ ਨੂੰ ਵੀ ਮਿਲੇ ਤੇ ਸਫਲਤਾ ਦੀ ਕਾਮਨਾ ਕੀਤੀ।