ਮਿਹਰ ਸਿੰਘ
ਕੁਰਾਲੀ, 11 ਸਤੰਬਰ
ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਨੇ ਭੈਣ-ਭਰਾ ਨੂੰ ਢੋਈ ਦਿੱਤੀ ਹੈ। ਤਰਸਯੋਗ ਹਾਲਤ ਵਿੱਚ ਰਹਿ ਰਹੇ ਭੈਣ-ਭਰਾ ਦੀ ਸੰਸਥਾ ਵਿੱਚ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਕੁਲਦੀਪ ਸਿੰਘ ਖਰੜ ਨੇ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਕਿ ਖਰੜ ਸ਼ਹਿਰ ਵਿੱਚ ਭੈਣ-ਭਰਾ ਹਰਪ੍ਰੀਤ ਸਿੰਘ ਅਤੇ ਕਮਲਪ੍ਰੀਤ ਕੌਰ ਤਰਸਯੋਗ ਹਾਲਤ ਵਿੱਚ ਰਹਿ ਰਹੇ ਹਨ। ਉਹ ਆਪਣੀ ਸੰਭਾਲ ਕਰਨ ਤੋਂ ਅਸਮਰੱਥ ਹਨ। ਇਸ ਸਬੰਧੀ ਪ੍ਰਸ਼ਾਸਨ ਨੇ ਦੋਵਾਂ ਨੂੰ ਇਲਾਜ ਅਤੇ ਸੰਭਾਲ ਲਈ ਪ੍ਰਭ ਆਸਰਾ ਵਿੱਚ ਭੇਜਣ ਦਾ ਫੈਸਲਾ ਲਿਆ। ਦੋਵਾਂ ਦੀ ਸਰੀਰਕ ਤੇ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੇ ਦਾਖ਼ਲ ਕਰ ਲਿਆ।
ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਸੰਸਥਾ ਪਿਛਲੇ 20 ਸਾਲਾਂ ਤੋਂ ਲਾਵਾਰਸ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਨਿਰੰਤਰ ਕਾਰਜਸ਼ੀਲ ਹੈ। ਇਥੇ ਹੁਣ ਤੱਕ ਅਜਿਹੇ ਕੁੱਲ 2164 ਨਾਗਰਿਕ ਦਾਖ਼ਲ ਹੋ ਚੁੱਕੇ ਹਨ। ਮੌਜੂਦਾ ਸਮੇਂ ਸੰਸਥਾ ਵਿੱਚ 450 ਰਹਿ ਰਹੇ ਹਨ। ਇਸ ਤੋਂ ਇਲਾਵਾ ਸੰਸਥਾ ਵਲੋਂ 1395 ਪ੍ਰਾਣੀਆਂ ਨੂੰ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪਤੇ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਜਾ ਚੁੱਕਿਆ ਹੈ।
ਅਰਜਨ ਸਿੰਘ ਦੀ ਹਾਲਤ ਗੰਭੀਰ
ਪ੍ਰਭ ਆਸਰਾ ਵਿੱਚ ਦਾਖ਼ਲ ਮਾਨਸਿਕ ਰੋਗੀ ਤੇ ਲਾਵਾਰਿਸ ਨਾਗਰਿਕ ਅਰਜਨ ਸਿੰਘ (33) ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਰਜਨ ਸਿੰਘ ਦਾ ਸੰਸਥਾ ਦੇ ਹਸਪਤਾਲ ਵਿੱਚ ਡਾਕਟਰ ਇਲਾਜ ਕਰ ਰਹੇ ਹਨ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਅਰਜਨ ਸਿੰਘ ਨੂੰ ਸਾਲ 2011 ’ਚ ਥਾਣਾ ਮਟੌਰ ਦੀ ਪੁਲੀਸ ਨੇ ਦਾਖ਼ਲ ਕਰਵਾਇਆ ਸੀ। ਉਹ ਪਿਛਲੇ ਕੁੱਝ ਸਮੇਂ ਤੋਂ ਕਾਫ਼ੀ ਬਿਮਾਰ ਹੈ। ਪ੍ਰਬੰਧਕਾਂ ਵੱਲੋਂ ਇਸ ਨੂੰ ਪਛਾਨਣ ਵਾਲਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇ ਇਸ ਨੂੰ ਕੋਈ ਮਿਲਣਾ ਚਾਹੁੰਦੇ ਹੋਣ ਤਾਂ ਪ੍ਰਭ ਆਸਰਾ ਵਿੱਚ ਸੰਪਰਕ ਕਰ ਸਕਦਾ ਹੈ।