ਕਰਮਜੀਤ ਸਿੰਘ ਚਿੱਲਾ
ਬਨੂੜ, 6 ਨਵੰਬਰ
ਨਗਰ ਕੌਂਸਲ ਬਨੂੜ ਨੇ ਦੀਵਾਲੀ ਦੀ ਛੁੱਟੀਆਂ ਦੌਰਾਨ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਉਸਾਰੇ ਟੀਨ ਦੇ ਸ਼ੈੱਡ ਨੂੰ ਹਟਾਉਣ ਲਈ ਮੁੱਖ ਮੰਤਰੀ, ਮੁਹਾਲੀ ਦੀ ਡੀਸੀ ਅਤੇ ਲੋਕਲ ਬਾਡੀਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖ਼ਾਸਤ ਭੇਜੀ ਹੈ। ਕੌਂਸਲ ਦਫ਼ਤਰ ਵਿੱਚ ਮੀਟਿੰਗ ਉਪਰੰਤ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਲਛਮਣ ਸਿੰਘ ਚੰਗੇਰਾ, ਅਵਤਾਰ ਬਬਲਾ, ਪ੍ਰੀਤੀ ਵਾਲੀਆ, ਪਰਮਜੀਤ ਕੌਰ (ਸਾਰੇ ਕੌਂਸਲਰ), ਰਾਕੇਸ਼ ਕੇਛੀ, ਇੰਸਪੈਕਟਰ ਜੰਗ ਬਹਾਦਰ ਤੇ ਵਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਕੌਮੀ ਮਾਰਗ ਨਾਲ ਲਗਦੀ ਜ਼ਮੀਨ ਦੇ ਮਾਲਕਾਂ ਨੇ ਕੌਂਸਲ ਵੱਲੋਂ ਨੋਟਿਸ ਕੱਢਣ ਦੇ ਬਾਵਜੂਦ ਦੀਵਾਲੀ ਦੀਆਂ ਛੁੱਟੀਆਂ ਦਾ ਫ਼ਾਇਦਾ ਉਠਾ ਕੇ ਵੱਡੀ ਉਸਾਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਵਾਹੀਯੋਗ ਇਸ ਜ਼ਮੀਨ ਵਿੱਚ ਵਪਾਰਕ ਵਰਤੋਂ ਲਈ ਉਸਾਰੇ ਸੈੱਡ ਸਬੰਧੀ ਨਗਰ ਕੌਂਸਲ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਅਤੇ ਨਾ ਹੀ ਨਕਸ਼ਾ ਪਾਸ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਲਕਾਂ ਨੇ ਫਾਇਰ ਸੇਫਟੀ, ਲੋਕ ਨਿਰਮਾਣ ਵਿਭਾਗ, ਜੰਗਲਾਤ, ਪੁੱਡਾ, ਪਾਵਰਕੌਮ ਆਦਿ ਕਿਸੇ ਵੀ ਵਿਭਾਗ ਤੋਂ ਕੋਈ ਮਨਜ਼ੂਰੀ ਨਹੀਂ ਲਈ। ਕੌਂਸਲ ਅਧਿਕਾਰੀਆਂ ਨੇ ਕਿਹਾ ਕਿ ਮਾਲਕਾਂ ਨੂੰ ਮਿਉਂਸਿਪਲ ਐਕਟ 1911 ਤਹਿਤ ਧਾਰਾ 195 ਏ ਭਾਵ ਨਜਾਇਜ਼ ਉਸਾਰੀ ਨੂੰ ਹਟਾਏ ਲਈ ਨੋਟਿਸ ਜਾਰੀ ਕਰ ਕੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਹਿੱਤ ਭੇਜ ਦਿੱਤਾ ਹੈ।
ਪੰਦਰਾਂ ਦਿਨਾਂ ਤੋਂ ਚੱਲ ਰਹੇ ਉਸਾਰੀ ਦੇ ਕੰਮ ਬਾਰੇ ਪੁੱਛਣ ’ਤੇ ਕੌਂਸਲ ਪ੍ਰਧਾਨ ਨੇ ਬਿਨਾਂ ਕਿਸੇ ਦਾ ਨਾਂ ਲਿਆ ਕਿਹਾ ਕਿ ਇਹ ਹਲਕੇ ਦੇ ਸਿਆਸੀ ਆਗੂ ਦੀ ਸਹਿ ’ਤੇ ਉਸਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 24 ਅਕਤੂਬਰ ਨੂੰ ਬਿਨਾਂ ਪ੍ਰਵਾਨਗੀ ਤੋਂ ਸ਼ੁਰੂ ਕੀਤੇ ਕੰਮ ਨੂੰ ਬੰਦ ਕਰਨ ਲਈ ਨੋਟਿਸ ਕੱਢਿਆ ਗਿਆ ਸੀ, ਪਰ ਉਨ੍ਹਾਂ ਕੰਮ ਬੰਦ ਨਹੀਂ ਕੀਤਾ। ਉਨਾਂ ਕਿਹਾ ਕਿ ਸਥਾਨਕ ਪੁਲੀਸ ਨੂੰ ਵੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਮਗਰੋਂ ਇਸ ਉਸਾਰੀ ਨੂੰ ਢਾਹ ਦਿੱਤਾ ਜਾਵੇਗਾ।
ਸ਼ਿਕਾਇਤ ਬਾਰੇ ਜਾਣਕਾਰੀ ਨਹੀਂ: ਐੱਸਐੱਚਓ
ਥਾਣਾ ਮੁਖੀ ਗੁਰਸੇਵਕ ਸਿੰਘ ਸਿੱਧੂ ਨੇ ਕਿਹਾ ਕਿ ਕੌਂਸਲ ਦੀ ਸ਼ਿਕਾਇਤ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ। ਉਹ ਅੱਜ ਬਾਹਰ ਹਨ। ਜੇ ਕੋਈ ਸ਼ਿਕਾਇਤ ਆਈ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ।
ਆਪਣੀ ਜਗ੍ਹਾ ’ਚ ਆਰਜ਼ੀ ਉਸਾਰੀ ਕੀਤੀ: ਮਾਲਕ
ਬਿਲਡਿੰਗ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਟੀਨਾਂ ਦੀਆਂ ਚਾਦਰਾਂ ਨਾਲ ਉਸਾਰੀ ਕੀਤੀ ਹੈ। ਇਸ ਆਰਜ਼ੀ ਉਸਾਰੀ ਲਈ ਕਿਸੇ ਪ੍ਰਵਾਨਗੀ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਦਾਲਤ ਰਾਹੀਂ ਹੀ ਨਗਰ ਕੌਂਸਲ ਦੇ ਨੋਟਿਸਾਂ ਦਾ ਜਵਾਬ ਦਿੱਤਾ ਜਾਵੇਗਾ।