ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 5 ਫਰਵਰੀ
ਨਵਾਂ ਗਾਉਂ ਵਿੱਚ ਬੀਤੇ ਦਿਨੀਂ ਇੱਕ ਨਾਬਾਲਗ ਲੜਕੀ ਖੇਡਦੇ ਸਮੇਂ ਘਰ ਦੇ ਬਾਹਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਈ ਸੀ। ਬਾਅਦ ਵਿੱਚ ਭਾਲ ਕਰਨ ’ਤੇ ਉਸ ਦੀ ਲਾਸ਼ ਨਾਲ ਦੇ ਨਵੇਂ ਬਣ ਰਹੇ ਮਕਾਨ ਦੀ ਟੈਂਕੀ ਵਿੱਚੋਂ ਤੈਰਦੀ ਹੋਈ ਮਿਲੀ ਸੀ। ਮਾਪਿਆਂ ਵੱਲੋਂ ਬੱਚੀ ਦੀ ਲਾਸ਼ ਨੂੰ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਸੀ ਪਰ ਹੁਣ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲੀਸ ਵੱਲੋਂ ਹੁਣ ਲਾਸ਼ ਨੂੰ ਕੱਢਵਾ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ। ਐਸਡੀਐਮ ਵੱਲੋਂ ਡਿਊਟੀ ਮੈਜਿਸਟਰੇਟ ਦੀ ਅਗਵਾਈ ਵਿੱਚ ਪੰਜ ਮੈਂਬਰੀ ਬੋਰਡ ਦੀ ਨਿਗਰਾਨੀ ਵਿੱਚ ਬੱਚੀ ਦੀ ਦੇਹ ਛੇ ਫਰਵਰੀ ਨੂੰ ਸਵੇਰੇ 11 ਕੱਢਣ ਦਾ ਅਮਲ ਸ਼ੁਰੂ ਹੋਵੇਗਾ।
ਇਸ ਸਬੰਧੀ ਥਾਣਾ ਨਵਾਂ ਗਾਉਂ ਦੇ ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਵਾਸੀ ਨਵਾਂ ਗਾਉਂ ਨੇ 2 ਫਰਵਰੀ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 6 ਸਾਲਾ ਲੜਕੀ ਸ਼ਾਮ ਤੋਂ ਲਾਪਤਾ ਹੈ, ਉਨ੍ਹਾਂ ਨੇ ਲੜਕੀ ਦੀ ਕਾਫ਼ੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਸੀ ਲੱਗਿਆ। ਫਿਰ ਦੇਰ ਰਾਤ ਨੂੰ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਲੜਕੀ ਮਿਲ ਗਈ ਹੈ ਪਰ 4 ਫਰਵਰੀ ਨੂੰ ਸੁਰਿੰਦਰ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਉਸ ਦੀ ਲੜਕੀ ਖੇਡਦੇ ਹੋਏ ਸਾਹਮਣੇ ਵਾਲੇ ਨਵੇਂ ਬਣੇ ਮਕਾਨ ’ਚ ਗਈ ਸੀ ਅਤੇ ਉਹ ਪਾਣੀ ਵਾਲੀ ਟੈਂਕੀ ’ਚੋਂ ਤੈਰਦੀ ਮਿਲੀ ਸੀ। ਉਹ ਉਸ ਨੂੰ ਸੈਕਟਰ-16 ਵਿਚਲੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੁਰਿੰਦਰ ਅਨੁਸਾਰ ਲਾਸ਼ ਨੂੰ ਸੈਕਟਰ-25 ਚੰਡੀਗੜ੍ਹ ਦੇ ਸ਼ਮਸ਼ਾਨਘਾਟ ਦੇ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ। ਐੱਸਐੱਚਓ ਅਨੁਸਾਰ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਲਾਸ਼ ਦੇ ਪੋਸਟਮਾਰਟਮ ਲਈ ਮਨਜ਼ੂਰੀ ਲਈ ਹੈ।