ਕਰਮਜੀਤ ਸਿੰਘ ਚਿੱਲਾ
ਬਨੂੜ, 8 ਨਵੰਬਰ
ਰਾਜਪੁਰਾ ਬਲਾਕ ਅਧੀਨ ਪੈਂਦੇ ਨਜ਼ਦੀਕੀ ਪਿੰਡ ਮਾਣਕਪੁਰ ਦੇ ਸਾਬਕਾ ਪੰਚ ਚੰਦਰ ਭਾਨ ਨੂੰ ਬੀਡੀਪੀਓ ਦਫ਼ਤਰ ਰਾਜਪੁਰਾ ਵੱਲੋਂ ਫ਼ੀਸ ਭਰਾਉਣ ਦੇ ਬਾਵਜੂਦ ਸੱਤ ਮਹੀਨਿਆਂ ਵਿੱਚ ਆਰਟੀਆਈ ਨਾ ਦਿੱਤੇ ਜਾਣ ਦਾ ਮਾਮਲਾ ਪੰਜਾਬ ਦੇ ਸੂਚਨਾ ਕਮਿਸ਼ਨਰ ਦੇ ਦਫ਼ਤਰ ਪਹੁੰਚ ਗਿਆ ਹੈ। ਦਰਖ਼ਾਸਤਕਰਤਾ ਚੰਦਰਭਾਨ ਨੇ ਸੂਚਨਾ ਕਮਿਸ਼ਨਰ ਕੋਲ ਲਿਖਤੀ ਦਰਖ਼ਾਸਤ ਦੇ ਕੇ ਤੁਰੰਤ ਜਾਣਕਾਰੀ ਮੁਹੱਈਆ ਕਰਵਾਉਣ ਤੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਸ ਨੇ ਆਰਟੀਆਈ ਹਾਸਲ ਕਰਨ ਲਈ ਮੰਗੀ ਗਈ 1850 ਦੀ ਫ਼ੀਸ ਵੀ 30-8-2024 ਨੂੰ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ 9-4-2024 ਨੂੰ ਉਨ੍ਹਾਂ ਆਰਟੀਆਈ ਰਾਹੀਂ ਬੀਡੀਪਓ ਦਫ਼ਤਰ ਕੋਲੋਂ 1-9-2023 ਤੋਂ ਲੈ ਕੇ 3-4-2024 ਤੱਕ, ਪਿੰਡ ਵਿੱਚ ਅਧਿਕਾਰਿਤ ਪੰਚ ਦੀ ਅਗਵਾਈ ਹੇਠ ਹੋਏ ਵਿਕਾਸ ਕੰਮਾਂ ਲਈ ਪਾਏ ਪੰਚਾਇਤੀ ਮਤਿਆਂ, ਕੈਸ਼ ਬੁੱਕ, ਸਟਾਕ ਰਜਿਸਟਰ, ਵਰਕਸ ਰਜਿਸਟਰ, ਬੈਂਕ ਪਾਸ ਬੁੱਕ, ਵਾਊਚਰ ਫ਼ਾਈਲਾਂ, ਰਸੀਦ ਬੁੱਕਾਂ, ਮਨਰੇਗਾ ਰਿਕਾਰਡ, ਮਨਰੇਗਾ ਦੀ ਕੈਸ਼ ਬੁੱਕ, ਆਈਆਂ ਗਰਾਟਾਂ ਦਾ ਵੇਰਵਾ, ਖਰੀਦੇ ਸਾਮਾਨ ਦੀਆਂ ਰਸੀਦਾਂ ਆਦਿ ਦੀ ਜਾਣਕਾਰੀ ਮੰਗੀ ਹੋਈ ਹੈ।
ਇਸ ਸਬੰਧੀ ਬੀਡੀਪੀਓ ਰਾਜਪੁਰਾ ਬਨਦੀਪ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਕੁੱਝ ਮਹੀਨੇ ਪਹਿਲਾਂ ਇਸ ਸਬੰਧੀ ਲਿਖਤੀ ਤੌਰ ’ਤੇ ਪੰਚਾਇਤ ਸਕੱਤਰ ਨੂੰ ਆਰਟੀਆਈ ਦੇਣ ਦੀ ਹਦਾਇਤ ਕੀਤੀ ਸੀ। ਉਨ੍ਹਾਂ ਹਫ਼ਤੇ ਦੇ ਅੰਦਰ-ਅੰਦਰ ਸਬੰਧਤ ਵਿਅਕਤੀ ਨੂੰ ਜਾਣਕਾਰੀ ਮੁਹੱਈਆ ਕਰਵਾਉਣਗੇ।