ਪੱਤਰ ਪ੍ਰੇਰਕ
ਲਾਲੜੂ, 13 ਸਤੰਬਰ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲਾਲੜੂ ਨੇੜੇ ਕਾਰ ਸਵਾਰ ਉਤੇ ਹਮਲਾ ਕਰਕੇ 48 ਹਜ਼ਾਰ ਰੁਪਏ ਤੇ ਮੋਬਾਈਲ ਆਦਿ ਦੀ ਲੁੱਟ-ਖੋਹ ਦਾ ਮਾਮਲਾ ਪੁਲੀਸ ਜਾਂਚ ਵਿੱਚ ਆਪਸੀ ਤਕਰਾਰਬਾਜ਼ੀ ਤੇ ਹੱਥੋਪਾਈ ਦਾ ਨਿਕਲਿਆ। ਝਗੜੇ ਵਿੱਚ ਜ਼ਖ਼ਮੀ ਨੌਜਵਾਨ ਸਰਕਾਰੀ ਹਸਪਤਾਲ ਡੇਰਾਬਸੀ ਵਿਖੇ ਜੇਰੇ ਇਲਾਜ ਹੈ, ਜਿਸ ਦੀ ਪਛਾਣ ਅਭਿਸ਼ੇਕ ਭਾਰਗਵ ਵਾਸੀ ਡੇਰਾਬਸੀ ਵਜੋਂ ਹੋਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਨਿਰਭੈ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ 11 ਸਤੰਬਰ ਦੀ ਦਰਮਿਆਨੀ ਰਾਤ ਨੂੰ ਆਪਣੇ ਦੋ ਵਰਕਰਾਂ ਨਾਲ ਕਾਰ ’ਤੇ ਅੰਬਾਲੇ ਤੋਂ ਡੇਰਾਬਸੀ ਜਾ ਰਿਹਾ ਸੀ। ਝਰਮੜੀ ਨੇੜੇ ਉਸ ਦੀ ਇੱਕ ਹੋਰ ਕਾਰ ਵਿੱਚ ਸਵਾਰ ਤਿੰਨ-ਚਾਰ ਵਿਅਕਤੀ ਨਾਲ ਤਕਰਾਰਬਾਜ਼ੀ ਹੋ ਗਈ ਅਤੇ ਉਹ ਉਥੋਂ ਨਿਕਲ ਗਿਆ। ਇਨ੍ਹਾਂ ਕਾਰ ਸਵਾਰਾਂ ਨੇ ਲੈਹਲੀ ਨੇੜੇ ਅਚਾਨਕ ਬਰੇਕ ਲਗਾ ਦਿੱਤੀ, ਜਿਸ ਕਾਰਨ ਉਸ ਦਾ ਵਾਹਨ ਟਕਰਾਅ ਗਿਆ। ਫਿਰ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਪੁਲੀਸ ਨੇ ਦੱਸਿਆ ਕਿ ਦੂਜੇ ਧੜੇ ਦੇ ਵਿਅਕਤੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਉਹ ਵੀ ਹਸਪਤਾਲ ਵਿੱਚ ਦਾਖ਼ਲ ਹਨ। ਪੁਲੀਸ ਨੇ 48 ਹਜ਼ਾਰ ਰੁਪਏ ਦੀ ਨਗਦੀ, ਸੋਨੇ ਦੀ ਚੈਨ ਤੇ ਮੋਬਾਈਲ ਫੋਨ ਦੀ ਲੁੱਟ-ਖੋਹ ਦੇ ਮਾਮਲੇ ਨੂੰ ਮਨਘੜਤ ਤੇ ਫ਼ਰਜ਼ੀ ਦੱਸਿਆ।